Chhatbir Zoo

Chhatbir Zoo: ਸਾਲ 2025 ਦੌਰਾਨ 5 ਲੱਖ ਤੋਂ ਵੱਧ ਲੋਕਾਂ ਨੇ ਛੱਤਬੀੜ ਚਿੜੀਆਘਰ ਦਾ ਕੀਤਾ ਦੌਰਾ

ਚੰਡੀਗੜ੍ਹ, 6 ਜਨਵਰੀ 2026: ਛੱਤਬੀੜ ਚਿੜੀਆਘਰ ‘ਚ ਆਉਣ ਵਾਲੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਜਨਵਰੀ ਤੋਂ ਦਸੰਬਰ 2025 ਤੱਕ 5 ਲੱਖ ਤੋਂ ਵੱਧ ਲੋਕ ਛੱਤਬੀੜ ਚਿੜੀਆਘਰ ਦਾ ਦੌਰਾ ਕਰ ਚੁੱਕੇ ਹਨ। ਇਨ੍ਹਾਂ ‘ਚੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 62 ਹਜ਼ਾਰ ਤੋਂ ਵੱਧ ਹੈ।

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਮਹਿੰਦਰ ਚੌਧਰੀ ਜ਼ੂਓਲੌਜੀਕਲ ਪਾਰਕ ਛੱਤਬੀੜ ਚਿੜੀਆਘਰ ਦਾ ਦੌਰਾ ਕੀਤਾ ਹੈ। ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਦੇ 18000 ਤੋਂ ਵੱਧ ਅਤੇ ਪ੍ਰਾਈਵੇਟ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 16000 ਤੋਂ ਵੱਧ ਸੀ।

ਜ਼ਿਕਰਯੋਗ ਹੈ ਕਿ 1977 ‘ਚ ਵਜੂਦ ‘ਚ ਆਏ ਚਿੜੀਆਘਰ ਛੱਤਬੀੜ ਵਿਖੇ ਸਮੇਂ ਸਮੇਂ ਸਿਰ ਲੋਕਾਂ ‘ਚ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਵੱਖੋ ਵੱਖਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ‘ਚ ਖੂਨਦਾਨ ਕੈਂਪ, ਦੌੜ ਮੁਕਾਬਲਾ (ਰਨ ਫਾਰ ਵਾਈਲਡ), ਜੂ ਐਜੂਕੇਸ਼ਨ ਪ੍ਰੋਗਰਾਮ ਆਦਿ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਨਾਲ ਬੱਚਿਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਜੰਗਲੀ ਜੀਵਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ।

ਚਿੜੀਆਘਰ ‘ਚ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੀ ਵਾਕ-ਇਨ-ਐਵੀਅਰੀ (ਬਹੁਤ ਵੱਡਾ ਪਿੰਜਰਾ ਜਿੱਥੇ ਸੈਲਾਨੀ ਪੰਛੀਆਂ ਨੂੰ ਦੇਖ ਸਕਦੇ ਹਨ) ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਇੱਕ ਅਤਿ-ਆਧੁਨਿਕ ਡਾਇਨਾਸੌਰ ਪਾਰਕ ਵੀ ਬਣਾਇਆ ਹੈ। ਲਗਭਗ 1200 ਮੀਟਰ ਦੇ ਵਾਈਲਡਲਾਈਫ ਸਫ਼ਾਰੀ ਖੇਤਰ ‘ਚ, 260 ਕੇ.ਵੀ. ਸਮਰੱਥਾ ਵਾਲਾ ਸੋਲਰ ਪਲਾਂਟ ਲਗਾਉਣ ਦੇ ਨਾਲ-ਨਾਲ ਚਾਰ ਦੀਵਾਰੀ ਨੂੰ ਵੀ ਮਜ਼ਬੂਤ ਕੀਤਾ ਹੈ।

ਸ਼ੇਰ ਸਫਾਰੀ ਵਿਖੇ ਮਾਸਾਹਾਰੀ ਜਾਨਵਰਾਂ ਲਈ ਇੱਕ ਮਹੱਤਵਪੂਰਨ ਦੇਖਭਾਲ ਕੇਂਦਰ ਦੀ ਉਸਾਰੀ ਵੀ ਕੀਤੀ ਹੈ ਅਤੇ ਸੈਲਾਨੀਆਂ, ਖਾਸ ਕਰਕੇ ਸਕੂਲੀ ਬੱਚਿਆਂ, ਦੀ ਸਹਾਇਤਾ ਲਈ ਇੱਕ ਓਪਨ ਏਅਰ ਜ਼ੂ ਐਜੂਕੇਸ਼ਨ ਪਲਾਜ਼ਾ ਵੀ ਬਣਾਇਆ ਗਿਆ ਹੈ।

Read More: Chhatbir Zoo News: ਛੱਤਬੀੜ ਚਿੜੀਆਘਰ ‘ਚ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ

Scroll to Top