ਚੰਡੀਗੜ੍ਹ, 26 ਫਰਵਰੀ 2024: ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ, ਚੰਡੀਗੜ੍ਹ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ 28 ਫ਼ਰਵਰੀ ਨੂੰ ਸਿਲਵਰ ਜੁਬਲੀ ਪ੍ਰੋਗਰਾਮ “ਬੋਲ ਪੰਜਾਬ ਦੇ-2024” (BOL PUNJAB DE 2024) ਕਰਵਾਇਆ ਜਾ ਰਿਹਾ ਹੈ। ਟੈਗੋਰ ਥੀਏਟਰ ਵਿਖੇ ਹੋਣ ਵਾਲੇ ਇਸ ਸਿਲਵਰ ਜੁਬਲੀ ਪ੍ਰੋਗਰਾਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਅਤੇ ਸਮਾਗਮ ਦਾ ਉਦਘਾਟਨ ਕਰਨਗੇ।
ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਪਾਲ ਨੇ ਦੱਸਿਆ ਕਿ ਸਮਾਗਮ ਸ਼ਾਮ 6:30 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਕੈਬਨਿਟ ਮੰਤਰੀ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜ਼ਰੀ ਭਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ (BOL PUNJAB DE 2024) ਵਿੱਚ ਪ੍ਰਸਿੱਧ ਫ਼ਿਲਮੀ ਅਦਾਕਾਰਾ, ਮਾਡਲ ਅਤੇ ਗਾਇਕਾ ਬੀਬੀ ਨਿਸ਼ਾ ਬਾਨੋ ਵੱਲੋਂ ਨਵੇਂ ਗੀਤ ਪੇਸ਼ ਕੀਤੇ ਜਾਣਗੇ ਅਤੇ ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਦੇ ਕਲਾਕਾਰਾਂ ਵੱਲੋਂ ਮਸ਼ਹੂਰ ਲੋਕ ਨਾਚ ਲੁੱਡੀ, ਸੰਮੀ, ਜਿੰਦੂਆ, ਮਲਵਈ ਗਿੱਧਾ, ਹਾਸਰਸ ਨਾਟਕ ਸਣੇ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਦਾਖ਼ਲਾ ਮੁਫ਼ਤ ਹੋਵੇਗਾ।