ਚੰਡੀਗੜ੍ਹ, 20 ਸਤੰਬਰ 2024: ਪੰਜਾਬ ਦੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖਣਨ ਅਤੇ ਭੂ-ਵਿਗਿਆਨ ਦੇ ਖੇਤਰ ‘ਚ ਕੰਮ ਕਰ ਰਹੀਆਂ ਸਰਕਾਰੀ ਅਤੇ ਨਿੱਜੀ ਕੰਪਨੀਆਂ ਨੂੰ ਪੰਜਾਬ ‘ਚ ਰੇਤਾ, ਬੱਜਰੀ ਅਤੇ ਗਟਕਾ ਵਰਗੇ ਖਣਿਜਾਂ (minerals) ਤੋਂ ਇਲਾਵਾ ਹੋਰ ਕੀਮਤੀ ਖਣਿਜਾਂ ਦੀ ਖੋਜ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ ਹੈ।
ਖਣਨ ਅਤੇ ਭੂ-ਵਿਗਿਆਨ ਵਿਭਾਗ ਦੁਆਰਾ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (NMET) ਦੇ ਸਹਿਯੋਗ ਨਾਲ ਕਰਵਾਏ “ਖਣਿਜ ਦੀ ਖੋਜ” ਵਿਸ਼ੇ ‘ਤੇ ਇੱਕ ਵਰਕਸ਼ਾਪ ਦੌਰਾਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਾਲ ਹੀ ‘ਚ ਹੋਈਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਖੇਤਰ ‘ਚ ਹੋਰ ਖਣਿਜਾਂ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ ਹੈ।
ਚੇਤਨ ਸਿੰਘ ਜੋੜਾਮਾਜਰਾ ਨੇ ਪੰਜਾਬ ਸਰਕਾਰ ਦੇ ਭੂ-ਵਿਗਿਆਨੀਆਂ ਵੱਲੋਂ ਜੁਲਾਈ 2022 ‘ਚ ਪੇਸ਼ ਕੀਤੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ‘ਚ ਵਿਗਿਆਨੀਆਂ ਵੱਲੋਂ 6 ਮਿਲੀਅਨ ਟਨ ਪੋਟਾਸ਼ੀਅਮ ਦੀ ਖੋਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪੋਟਾਸ਼ੀਅਮ ਖਾਦਾਂ ਲਈ ਵਰਤਿਆ ਜਾਂਦਾ ਹੈ ਅਤੇ 99% ਪੋਟਾਸ਼ (minerals) ਦੇਸ਼ ‘ਚ ਦਰਾਮਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੋਜਾਂ ਅਨੁਸਾਰ ਪੰਜਾਬ ਦੇਸ਼ ਦਾ ਚੌਥਾ ਸੂਬਾ ਹੈ ਜਿੱਥੇ ਪੋਟਾਸ਼ੀਅਮ ਪਾਇਆ ਗਿਆ ਹੈ।
ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾ ਸਿਰਫ ਲੋਕਾਂ ਨੂੰ ਰੇਤਾ ਅਤੇ ਬਜਰੀ ਦੀ ਸਸਤੀ ਸਪਲਾਈ ‘ਤੇ ਧਿਆਨ ਦੇ ਰਹੀ ਹੈ, ਸਗੋਂ ਇਸ ਖੇਤਰ ‘ਚ ਨਵੀਆਂ ਖੋਜਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ‘ਚ ਅੱਗੇ ਵਧਣ ਅਤੇ ਖੋਜ ਕਾਰਜਾਂ ਨੂੰ ਪ੍ਰਾਈਵੇਟ ਕੰਪਨੀਆਂ ਰਾਹੀਂ ਵੀ ਕਰਵਾਉਣ ਲਈ ਇਹ ਕਾਨਫਰੰਸ ਕਰਵਾਈ ਗਈ ਹੈ।
ਉਨ੍ਹਾਂ ਨੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਭੂ-ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਕੀਮਤੀ ਖਣਿਜਾਂ (minerals) ਦੀ ਖੋਜ ਵੱਲ ਵਿਸ਼ੇਸ਼ ਧਿਆਨ ਦੇਣ, ਜਿਸ ਨਾਲ ਪੰਜਾਬ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਹੋਵੇਗਾ ਅਤੇ ਸੂਬੇ ਅਤੇ ਦੇਸ਼ ਦੀ ਤਰੱਕੀ ਹੋਵੇਗੀ।
ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਖੇਤਰ ਵਿੱਚ ਨਵੇਂ ਆਯਾਮ ਸਥਾਪਤ ਕਰਨ ਲਈ ਭਾਰਤ ਸਰਕਾਰ ਦੇ ਖਣਨ ਮੰਤਰਾਲੇ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਖੋਜ ਕਾਰਜਾਂ ‘ਚ ਕੋਈ ਰੁਕਾਵਟ ਨਾ ਆਵੇ।
ਇਸ ਵਰਕਸ਼ਾਪ ‘ਚ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਗੁਰਕੀਰਤ ਕਿਰਪਾਲ ਸਿੰਘ, ਸਕੱਤਰ, ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ, ਜਿਓਲੌਜੀਕਲ ਸਰਵੇਅ ਆਫ਼ ਇੰਡੀਆ ਦੇ ਡੀ.ਡੀ.ਜੀ. ਡਾ. ਸ਼੍ਰੀਮਤੀ ਗੁਪਤਾ, ਸੁਪਰਿੰਟੇਂਡਿੰਗ ਭੂ-ਵਿਗਿਆਨੀ, ਐਨ.ਐਮ.ਈ.ਟੀ, ਖਣਨ ਮੰਤਰਾਲਾ ਅੰਜੂ ਸੀ.ਐਸ. ਅਤੇ ਸ. ਹਰਿੰਦਰਪਾਲ ਸਿੰਘ ਬੇਦੀ, ਮੁੱਖ ਇੰਜੀਨੀਅਰ, ਮਾਈਨਿੰਗ, ਪੰਜਾਬ ਵੀ ਹਾਜ਼ਰ ਰਹੇ ।
ਵਰਕਸ਼ਾਪ ਦੇ ਪਹਿਲੇ ਤਕਨੀਕੀ ਸੈਸ਼ਨ ਦਾ ਸੰਚਾਲਨ ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਦੇ ਡਾਇਰੈਕਟਰ ਏ.ਕੇ. ਤਲਵਾੜ ਨੇ ਕੀਤਾ। ਉਨ੍ਹਾਂ ਨੇ ਪੰਜਾਬ ‘ਚ ਪੋਟਾਸ਼ ਲਈ ਜਿਓਲਾਜੀਕਲ ਸਰਵੇ ਆਫ ਇੰਡੀਆ ਵੱਲੋਂ ਕੀਤੀ ਖੋਜ ਬਾਰੇ ਗੱਲ ਕੀਤੀ ਅਤੇ ਪੰਜਾਬ ‘ਚ ਪੋਟਾਸ਼ ਦੀ ਖੋਜ ਦੀਆਂ ਮੌਜੂਦਾ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ।
ਦੂਜੇ ਤਕਨੀਕੀ ਸੈਸ਼ਨ ਦਾ ਸੰਚਾਲਨ ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਦੀ ਡਾਇਰੈਕਟਰ ਅਪਰਾਜਿਤਾ ਭੱਟਾਚਾਰੀਆ ਨੇ ਕੀਤਾ। ਉਨ੍ਹਾਂ ਨੇ“ਵਾਤਾਵਰਣ ਅਧਿਐਨ ਬਾਰੇ ਨੈਸ਼ਨਲ ਜੀਓਕੈਮੀਕਲ ਮੈਪਿੰਗ” ‘ਤੇ ਭਾਸ਼ਣ ਦਿੱਤਾ। ਇਸ ਤੋਂ ਬਾਅਦ NPEAZ ਅਤੇ ਹੋਰ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ।