ਪਟਿਆਲਾ, 25 ਨਵੰਬਰ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਪਿੰਡ ਖੇੜੀ ਮਾਨੀਆਂ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਵਿੱਚ ਵੀ ਸ਼ਹਿਰਾਂ ਦੀ ਤਰਜ ‘ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਮੈਰਿਜ ਪੈਲੇਸ ਲਈ 5 ਲੱਖ ਰੁਪਏ ਹੋਰ ਵਾਧੂ ਸਹੂਲਤਾਂ ਪ੍ਰਦਾਨ ਕਰਨ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪੈਲੇਸ ਨੂੰ ਇਸ ਪਿੰਡ ਸਮੇਤ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇੱਥੇ ਇੱਕ ਚੰਗੇ ਮੈਰਿਜ ਪੈਲੇਸ ਦੀ ਤਰਜ ‘ਤੇ ਸਾਰੀਆਂ ਸੁਵਿਧਾਵਾਂ ਬਹੁਤ ਹੀ ਨਾਮਾਤਰ ਕਿਰਾਏ ਉਪਰ ਉਪਲਬੱਧ ਹੋਣਗੀਆਂ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਜਲ ਸਰੋਤ, ਖਣਨ ਤੇ ਭੂ-ਵਿਗਿਆਨ, ਭੂਮੀ ਤੇ ਜਲ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਦੱਸਿਆ ਕਿ ਸਮਾਣਾ ਹਲਕੇ ਦੇ ਸਾਰੇ ਪਿੰਡਾਂ ਨੂੰ ਕਲਸਟਰ ਬਣਾ ਕੇ ਅਜਿਹੇ ਮੈਰਿਜ ਪੈਲੇਸ ਦੀ ਸਹੂਲਤ ਪ੍ਰਦਾਨ ਕਰਨ ਲਈ 15 ਦੇ ਕਰੀਬ ਮੈਰਿਜ ਪੈਲੇਸ ਪਿੰਡਾਂ ਵਿੱਚ ਬਣਾਏ ਜਾਣਗੇ। ਇੱਥੇ ਪਿੰਡ ਦੇ ਐਸ.ਸੀ., ਬੀ.ਸੀ., ਤੇ ਲੋੜਵੰਦ ਪਰਿਵਾਰਾਂ ਸਮੇਤ ਆਮ ਲੋਕਾਂ ਨੂੰ ਬਹੁਤ ਹੀ ਘੱਟ ਫੀਸ ‘ਤੇ ਚੰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਪਹਿਲਕਦਮੀ ਹੈ ਕਿ ਪਿੰਡਾਂ ਨੂੰ ਹਰ ਪੱਖੋਂ ਵਿਕਸਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਅਮਨਦੀਪ ਸਿੰਘ ਸੋਨੂ ਥਿੰਦ, ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਸਮੇਤ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਭੰਗੂ, ਨਰਿੰਦਰ ਸਿੰਘ ਭੰਗੂ, ਸਰਬਜੀਤ ਕੌਰ ਸਰਪੰਚ, ਮਲਕੀਤ ਸਿੰਘ ਗਿੱਲ, ਹਰਦੀਪ ਸਿੰਘ, ਸਾਹਿਬ ਕੌਰ, ਨਿਰਮਲ ਕੌਰ, ਅਵਤਾਰ ਸਿੰਘ ਤੇ ਸੰਪੂਰਨ ਸਿੰਘ ਸਾਰੇ ਪੰਚ, ਟੀ.ਸੀ. ਗੁਰਮੁੱਖ ਸਿੰਘ, ਏ.ਈ. ਬਲਬੀਰ ਸਿੰਘ ਤੇ ਵੀ.ਡੀ.ਓ. ਅਮਰੀਕ ਸਿੰਘ ਆਦਿ ਵੀ ਮੌਜੂਦ ਸਨ।