ਚੰਡੀਗੜ੍ਹ, 21 ਅਗਸਤ 2023: ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੈਨਿਕ ਸਕੂਲ (Sainik School) ਕਪੂਰਥਲਾ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੰਦਿਆਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਵੱਕਾਰੀ ਸੈਨਿਕ ਸਕੂਲ ਦੀ ਸ਼ਾਨ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ।
ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਸੈਨਿਕ ਸਕੂਲ (Sainik School) ਦੇ ਪ੍ਰਬੰਧਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਕਰੀਬ 192 ਏਕੜ ਵਿੱਚ ਫੈਲਿਆ ਸੈਨਿਕ ਸਕੂਲ ਕਪੂਰਥਲਾ, ਪੰਜਾਬ ਦਾ ਕੀਮਤੀ ਸਰਮਾਇਆ ਹੈ, ਜਿੱਥੇ ਇਸ ਵੇਲੇ 580 ਵਿਦਿਆਰਥੀ ਫੌਜ ਵਿੱਚ ਭਰਤੀ ਹੋਣ ਸਬੰਧੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੈਨਿਕ ਸਕੂਲ ਨੇ ਦੇਸ਼ ਦੀ ਸੁਰੱਖਿਆ ਲਈ ਬਹੁਤ ਸਾਰੇ ਉੱਚ ਅਧਿਕਾਰੀ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਵਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੁਨੀਆਂ ਦੀ ਇਸ ਵਿਲੱਖਣ ਵਿਰਾਸਤੀ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਤੁਰੰਤ ਵਿਆਪਕ ਯੋਜਨਾ ਉਲੀਕੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੈਨਿਕ ਸਕੂਲ ਕਪੂਰਥਲਾ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਲੋੜੀਂਦੇ ਫ਼ੰਡ ਮੁਹੱਈਆ ਕਰਾਉਣ ਬਾਰੇ ਉਹ ਛੇਤੀ ਹੀ ਵਿੱਤ ਮੰਤਰੀ ਨਾਲ ਮੁਲਾਕਾਤ ਕਰਨਗੇ।
ਸ. ਜੌੜਾਮਾਜਰਾ ਨੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਉਂ ਜੋ ਇਹ ਇਮਾਰਤ ਵਿਰਾਸਤ ਨਾਲ ਸਬੰਧਤ ਹੈ, ਇਸ ਲਈ ਮੁਰੰਮਤ ਸਬੰਧੀ ਯੋਜਨਾ ਤਿਆਰ ਕਰਨ ਤੋਂ ਪਹਿਲਾਂ ਵਿਭਾਗ ਦੀ ਵਿਸ਼ੇਸ਼ ਟੀਮ ਨੂੰ ਸੈਨਿਕ ਸਕੂਲ ਵਿਖੇ ਨਿਰੀਖਣ ਲਈ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪੀ ਜਾਵੇ।ਰੱਖਿਆ ਭਲਾਈ ਸੇਵਾਵਾਂ ਮੰਤਰੀ ਨੇ ਦੁਹਰਾਇਆ ਕਿ ਮਾਨ ਸਰਕਾਰ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਦੱਸ ਦੇਈਏ ਕਿ ਸ. ਜੌੜਾਮਾਜਰਾ ਨੇ ਪਿਛਲੇ ਮਹੀਨੇ ਸੈਨਿਕ ਸਕੂਲ ਦਾ ਦੌਰਾ ਕਰਕੇ ਸਕੂਲ ਦੀ ਇਮਾਰਤ ਦੀ ਸਾਂਭ-ਸੰਭਾਲ ਅਤੇ ਕੀਮਤੀ ਵਿਰਾਸਤੀ ਸਾਜ਼ੋ-ਸਾਮਾਨ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਉਨ੍ਹਾਂ ਸਕੂਲ ਦੇ ਮਿਊਜ਼ੀਅਮ, ਕਲਾਸ ਰੂਮਾਂ ਦਾ ਦੌਰਾ ਕਰਨ ਤੋਂ ਇਲਾਵਾ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ ਸਨ।
ਮੀਟਿੰਗ ਦੌਰਾਨ ਰੱਖਿਆ ਭਲਾਈ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜੇ.ਐਮ. ਬਾਲਾਮੁਰਗਨ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਨੀਲਕੰਠ ਅਵਧ, ਸੈਨਿਕ ਸਕੂਲ ਦੀ ਪ੍ਰਿੰਸੀਪਲ ਗਰੁੱਪ ਕੈਪਟਨ ਸ੍ਰੀਮਤੀ ਮਧੂ ਸੇਂਗਰ ਸਮੇਤ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।