ਪਟਿਆਲਾ,11 ਜੁਲਾਈ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਖ਼ੁਦ ਪ੍ਰਭਾਵਤ ਲੋਕਾਂ ਨਾਲ ਖੜ੍ਹਦਿਆਂ ਪਟਿਆਲਾ ਦੇ ਪ੍ਰੇਮ ਬਾਗ ਪੈਲੇਸ ਸਥਿਤ ਰਾਹਤ ਕੈਂਪ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਲੰਗਰ ਛਕਾਇਆ ਅਤੇ ਜ਼ਰੂਰੀ ਵਰਤੋਂ ਦਾ ਸਾਮਾਨ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਜੀਤ ਸਿੰਘ ਕੋਹਲੀ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਪ੍ਰਭਾਵਿਤ ਇਲਾਕਿਆਂ ਵਿੱਚ ਇਸ ਬਿਪਤਾ ਦੀ ਘੜੀ ਵਿੱਚ ਮਦਦ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਦਿਨ-ਰਾਤ ਇੱਕ ਕੀਤੀ ਹੋਈ ਹੈ, ਉਥੇ ਹੀ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਆਪੋ-ਆਪਣੇ ਖੇਤਰਾਂ ਵਿੱਚ ਲੋਕਾਂ ਦੀ ਮੱਦਦ ਲਈ ਢਾਲ ਬਣ ਕੇ ਖੜ੍ਹੇ ਹਨ।