ਸਪੋਰਟਸ, 22 ਜੁਲਾਈ 2025: ਅੰਤਰਰਾਸ਼ਟਰੀ ਮਾਸਟਰ ਦਿਵਿਆ ਦੇਸ਼ਮੁਖ (Divya Deshmukh) ਸ਼ਤਰੰਜ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਗਈ ਹੈ। ਉਨ੍ਹਾਂ ਨੇ ਹਮਵਤਨ ਦ੍ਰੋਣਾਵੱਲੀ ਹਰਿਕਾ ਨੂੰ ਟਾਈਬ੍ਰੇਕਰ ‘ਚ ਹਰਾਇਆ। 19 ਸਾਲਾ ਦਿਵਿਆ ਨੇ ਟਾਈਬ੍ਰੇਕਰ ਦਾ ਪਹਿਲਾ ਗੇਮ ਸਫੈਦ ਮੋਹਰਿਆਂ ਨਾਲ ਜਿੱਤਿਆ, ਜਦੋਂ ਕਿ ਦੂਜਾ ਗੇਮ ਕਾਲੇ ਮੋਹਰਿਆਂ ਨਾਲ।
ਦੋਵਾਂ ਵਿਚਕਾਰ ਕਲਾਸੀਕਲ ਫਾਰਮੈਟ ਦੇ ਮੈਚ ਬਰਾਬਰ ਰਹੇ। ਦਿਵਿਆ ਪਹਿਲੀ ਵਾਰ ਵਿਸ਼ਵ ਕੱਪ ‘ਚ ਖੇਡ ਰਹੀ ਹੈ। ਦਿਵਿਆ ਤੋਂ ਪਹਿਲਾਂ, 37 ਸਾਲਾ ਕੋਨੇਰੂ ਹੰਪੀ ਵੀ ਸੈਮੀਫਾਈਨਲ ‘ਚ ਪਹੁੰਚੀ ਹੈ। ਦਿਵਿਆ ਸੈਮੀਫਾਈਨਲ ‘ਚ ਚੀਨ ਦੀ ਟੈਨ ਜ਼ੋਂਗਈ ਨਾਲ ਭਿੜੇਗੀ ਅਤੇ ਹੰਪੀ ਚੀਨ ਦੀ ਲੀ ਟਿੰਗ ਜੀ ਨਾਲ ਭਿੜੇਗੀ। ਪਹਿਲੀ ਵਾਰ ਦੋ ਭਾਰਤੀ ਔਰਤਾਂ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀਆਂ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ, ਕੋਨੇਰੂ ਹੰਪੀ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ। ਇਹ ਟੂਰਨਾਮੈਂਟ ਜਾਰਜੀਆ ਦੇ ਬਟੂਮੀ ‘ਚ ਖੇਡਿਆ ਜਾ ਰਿਹਾ ਹੈ।
ਇਸ ਟੂਰਨਾਮੈਂਟ ‘ਚ ਪਹਿਲੀ ਵਾਰ, ਚਾਰ ਭਾਰਤੀ ਮਹਿਲਾ ਖਿਡਾਰਨਾਂ ਕੁਆਰਟਰ ਫਾਈਨਲ ‘ਚ ਪਹੁੰਚੀਆਂ। ਕੋਨੇਰੂ ਹੰਪੀ ਤੋਂ ਇਲਾਵਾ, ਹਰਿਕਾ ਦ੍ਰੋਣਾਵੱਲੀ, ਆਰ. ਵੈਸ਼ਾਲੀ ਅਤੇ ਦਿਵਿਆ ਦੇਸ਼ਮੁਖ ਨੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ।
Read More: Chess: ਫ੍ਰੀਸਟਾਈਲ ਸ਼ਤਰੰਜ ਗ੍ਰੈਂਡ ਟੂਰਨਾਮੈਂਟ ‘ਚ ਸਾਰੇ ਮੈਚ ਹਾਰੇ ਵਿਸ਼ਵ ਚੈਂਪੀਅਨ ਡੀ ਗੁਕੇਸ਼