ਚੰਡੀਗੜ੍ਹ 21 ਜਨਵਰੀ 2023: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਸ਼ਨੀਵਾਰ ਸਵੇਰੇ GST ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅਚਾਨਕ ਰਾਜਪੁਰਾ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਟਰੱਕਾਂ ਦੀ ਚੈਕਿੰਗ ਕੀਤੀ। ਇਸ ਮੌਕੇ ਵਿੱਤ ਮੰਤਰੀ ਨਾਲ ਕਰ ਤੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਵਿੱਤ ਮੰਤਰੀ ਨੇ ਸੂਬੇ ਵਿੱਚ ਆਉਣ-ਜਾਣ ਵਾਲੇ ਟਰੱਕਾਂ ਦੀ ਚੈਕਿੰਗ ਕੀਤੀ, ਇਸ ਦੌਰਾਨ ਬਗੈਰ ਬਿੱਲਾਂ ਦੇ 15-16 ਟਰੱਕ ਫੜੇ ਗਏ | ਇਸ ਦੌਰਾਨ ਕਈ ਟਰੱਕ ਅਜਿਹੇ ਸਨ, ਜਿਨ੍ਹਾਂ ਕੋਲ ਸਮਾਨ ਦਾ ਕੋਈ ਬਿੱਲ ਨਹੀਂ ਸੀ ਤੇ ਕਈਆਂ ਦੇ ਹੋਰ ਦਸਤਾਵੇਜ਼ ਪੂਰੇ ਨਹੀਂ ਸਨ। ਅਜਿਹੇ ਟਰੱਕਾਂ ਵਾਲਿਆਂ ਨੂੰ 10 ਲੱਖ ਰੁਪਏ ਤੋਂ ਜ਼ਿਆਦਾ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਇਸ ਮੌਕੇ ਹਰਪਾਲ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਹਲਕੇ ਵਿੱਚ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਜੀ.ਐਸ.ਟੀ. ਚੋਰੀ ਦੀ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਂਚ ਕੀਤੀ ਹੈ । ਉਨ੍ਹਾਂ ਕਿਹਾ ਕਿ ਕੁਝ ਟਰੱਕਾਂ ਵਾਲਿਆਂ ਕੋਲ ਲੋਡ ਕੀਤੇ ਮਾਲ ਦੇ ਬਿੱਲ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਟਰੱਕ ਡਰਾਈਵਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਣਦਾ ਜ਼ੁਰਮਾਨਾ ਕੀਤਾ ਜਾ ਰਿਹਾ ਹੈ । ਇਕ ਅੰਦਾਜ਼ੇ ਮੁਤਾਬਕ ਅਜਿਹੇ ਡਿਫਾਲਟਰਾਂ ‘ਤੇ 10 ਤੋਂ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਝ ਟਰੱਕ ਚਾਲਕ ਬਹੁਤ ਚੰਗੇ ਚਰਿੱਤਰ ਵਾਲੇ ਹਨ ਜਿਨ੍ਹਾਂ ਕੋਲ ਪੂਰੇ ਦਸਤਾਵੇਜ਼ ਹਨ।