July 2, 2024 10:55 pm
Kultar Singh Sandhawan

ਕੁਲਤਾਰ ਸਿੰਘ ਸੰਧਵਾਂ ਵੱਲੋਂ ਫ਼ਰੀਦਕੋਟ ‘ਚ ਮੈਡੀਕਲ ਕਾਲਜ ਤੇ ਹਸਪਤਾਲ ‌ਦੀ ਚੈਕਿੰਗ

ਫ਼ਰੀਦਕੋਟ 03 ਜਨਵਰੀ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਰਾਜ ਦੇ ਸਰਕਾਰੀ ਹਸਪਤਾਲਾਂ ਅੰਦਰ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਅਚਨਚੇਤ ਚੈਕਿੰਗ ਮੌਕੇ ਕੀਤਾ। ਉਨ੍ਹਾਂ ਮੈਡੀਕਲ ਕਾਲਜ ਹਸਪਤਾਲ ਵਿਖੇ ਖਰਾਬ ਪਈਆਂ ਮਸ਼ੀਨਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਸਪੀਕਰ ਸੰਧਵਾਂ ਨੇ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਆਪਣੇ ਅਚਨਚੇਤ ਦੌਰੇ ਦੌਰਾਨ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਅੰਦਰ ਹੋਰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ ਸਟਾਫ, ਲੋਂੜੀਦੀਆਂ ਦਵਾਈਆਂ ਆਦਿ ਦੀ ਮਰੀਜ਼ਾਂ ਨੂੰ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ।

ਉਨਾਂ ਆਪਣੇ ਦੌਰੇ ਦੌਰਾਨ ਹਸਪਤਾਲ ਦੇ ਅੱਖ ਅਤੇ ਹੱਡੀਆਂ ਵਾਰਡਾਂ ਦਾ ਦੌਰਾ ਕਰਕੇ ਇਥੇ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਡਾਕਟਰਾਂ ਨਾਲ‌ ਵੀ ਗੱਲਬਾਤ ਕੀਤੀ‌ ਅਤੇ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ। ਮਰੀਜਾਂ ਵੱਲੋਂ ਹਸਪਤਾਲ ਪ੍ਰਬੰਧਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਇਲਾਜ ਸਹੂਲਤਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

ਉਨਾਂ ਹਸਪਤਾਲ ਪ੍ਰਬੰਧਕਾਂ ਨੂੰ ਸਾਫ਼ ਸਫ਼ਾਈ ਦਾ ਵਿਸੇਸ ਧਿਆਨ ਰੱਖਣ ਦੇ ਆਦੇਸ਼ ਜਾਰੀ ਕੀਤੇ, ਤਾਂ ਜੋ ਗੰਦਗੀ ਕਾਰਣ ਮਰੀਜ਼ਾਂ ਅਤੇ ਉਨਾਂ ਦੇ ਨਾਲ ਆਏ ਰਿਸ਼ਤੇਦਾਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਖਰਾਬ ਮਸ਼ੀਨਾਂ ਦੀ ਮੁਰੰਮਤ ਜਲਦ ਕਰਵਾ ਕੇ ਮਰੀਜਾਂ ਨੂੰ ਹੋਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆ। ਉਨਾਂ ਕਿਹਾ ਕਿ ਭਵਿੱਖ ਅੰਦਰ ਵੀ ਇਸੇ ਤਰ੍ਹਾਂ ਹਸਪਤਾਲ ਦੀ ਚੈਕਿੰਗ ਜਾਰੀ ਰਹੇਗੀ। ਇਸ ਮੌਕੇ ਆਯੂਸ਼ਮਾਨ ਸਿਹਤ ਬੀਮਾ ਸਕੀਮ ਅਧੀਨ ਕੰਮ ਕਰਦੇ ਕਰਮਚਾਰੀਆਂ ਦਾ ਵਫਦ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮਿਲਿਆ । ਇਸ ਮੌਕੇ ਅੱਖ ਵਿਭਾਗ ਦੇ ਮੁੱਖੀ ਡਾ. ਐਨ.ਆਰ. ਗੁਪਤਾ, ਡਾਕਟਰਾਂ ਦੀ ਟੀਮ, ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਮਨਪ੍ਰੀਤ ਸਿੰਘ ਧਾਲੀਵਾਲ ਅਤੇ ਪੀ.ਏ.ਸ਼ਿਵਜੀਤ ਸਿੰਘ ਸੰਘਾ ਵੀ ਹਾਜ਼ਰ ਸਨ।