ਚੰਡੀਗੜ੍ਹ, 07 ਅਕਤੂਬਰ 2024: ਕਲਕੱਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਮਾਮਲੇ ‘ਚ ਸੀਬੀਆਈ ਨੇ ਅੱਜ ਸਿਆਲਦਾਹ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਮਾਮਲੇ ‘ਚ ਸੀਬੀਆਈ ਨੇ ਪਹਿਲਾਂ ਤੋਂ ਹੀ ਹਿਰਾਸਤ ‘ਚ ਲਏ ਸੰਜੇ ਰਾਏ (Sanjay Roy) ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਸੀਬੀਆਈ ਇਸ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ |
ਕਲਕੱਤਾ ਦੀ ਇੱਕ ਵਿਸ਼ੇਸ਼ ਅਦਾਲਤ ‘ਚ ਦਾਇਰ ਕੀਤੀ ਆਪਣੀ ਚਾਰਜਸ਼ੀਟ ‘ਚ ਮੁਲਜ਼ਮ ਸੰਜੇ ਰਾਏ ਸਥਾਨਕ ਪੁਲਿਸ ‘ਚ ਇੱਕ ਨਾਗਰਿਕ ਵਲੰਟੀਅਰ ਵਜੋਂ ਕੰਮ ਕਰਦਾ ਸੀ। ਸੀਬੀਆਈ ਦੀ ਚਾਰਜਸ਼ੀਟ ਮੁਤਾਬਕ ਮੁਲਜ਼ਮ ਨੇ ਕਥਿਤ ਤੌਰ ’ਤੇ ਪੀੜਤਾ ਨਾਲ 9 ਅਗਸਤ ਨੂੰ ਉਸ ਵੇਲੇ ਦਰਿੰਦਗੀ ਕੀਤੀ ਜਦੋਂ ਪੀੜਤ ਹਸਪਤਾਲ ਦੇ ਸੈਮੀਨਾਰ ਰੂਮ ‘ਚ ਸੌਣ ਲਈ ਗਈ ਸੀ।
ਇਸ ‘ਚ ਸਮੂਹਿਕ ਬਲਾਤਕਾਰ ਦੇ ਦੋਸ਼ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੰਜੇ ਰਾਏ ਨੇ ਇਕੱਲੇ ਕਥਿਤ ਤੌਰ ‘ਤੇ ਅਪਰਾਧ ਨੂੰ ਕੀਤਾ ਸੀ। ਹਸਪਤਾਲ ਦੇ ਸੈਮੀਨਾਰ ਰੂਮ ਦੇ ਅੰਦਰ ਬੀਬੀ ਡਾਕਟਰ ਨਾਲ ਬਲਾਤਕਾਰ ਅਤੇ ਉਸਦਾ ਕਤਲ ਕਰ ਦਿੱਤਾ ਗਿਆ। ਉਹ ਹਸਪਤਾਲ ‘ਚ ਆਪਣੀ ਮੈਰਾਥਨ ਸ਼ਿਫਟਾਂ ਵਿਚਕਾਰ ਆਰਾਮ ਕਰਨ ਲਈ ਅੱਧੀ ਰਾਤ ਤੋਂ ਬਾਅਦ ਕਮਰੇ ‘ਚ ਗਈ ਸੀ। ਅਗਲੀ ਸਵੇਰ ਇੱਕ ਜੂਨੀਅਰ ਡਾਕਟਰ ਨੂੰ ਉਸਦੀ ਲਾਸ਼ ਮਿਲੀ।
ਸੀਸੀਟੀਵੀ ਫੁਟੇਜ ‘ਚ ਸੰਜੇ ਰਾਏ (Sanjay Roy) ਨੂੰ 9 ਅਗਸਤ ਨੂੰ ਸਵੇਰੇ 4.03 ਵਜੇ ਸੈਮੀਨਾਰ ਰੂਮ ‘ਚ ਕਥਿਤ ਤੌਰ ‘ਤੇ ਦਾਖਲ ਹੁੰਦੇ ਦੇਖਿਆ ਗਿਆ ਹੈ। ਕਰੀਬ ਅੱਧੇ ਘੰਟੇ ਬਾਅਦ ਉਹ ਕਮਰੇ ਤੋਂ ਬਾਹਰ ਆਇਆ।
ਕਲਕੱਤਾ ਪੁਲਿਸ ਨੂੰ ਮੌਕੇ ‘ਤੇ ਸੰਜੇ ਦੇ ਬਲੂਟੁੱਥ ਹੈੱਡਫੋਨ ਵੀ ਮਿਲੇ ਹਨ। ਸੀ.ਬੀ.ਆਈ. ਵੱਲੋਂ ਮਾਮਲੇ ਨੂੰ ਸੰਭਾਲਣ ਤੋਂ ਬਾਅਦ ਸੰਜੇ ਰਾਏ ਦਾ ਲਾਈ ਡਿਟੈਕਟਰ ਟੈਸਟ ਕੀਤਾ ਗਿਆ, ਜਿੱਥੇ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਸੈਮੀਨਾਰ ਹਾਲ ‘ਚ ਦਾਖਲ ਹੋਇਆ ਤਾਂ ਬੀਬੀ ਡਾਕਟਰ ਪਹਿਲਾਂ ਹੀ ਬੇਹੋਸ਼ ਸੀ।
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ ਤਾਂ ਉਸ ਨੇ ਕਿਹਾ ਕਿ ਬੀਬੀ ਨੂੰ ਜ਼ਖ਼ਮੀ ਹਾਲਤ’ਚ ਦੇਖ ਕੇ ਉਹ ਡਰ ਗਿਆ ਸੀ। ਸੀਬੀਆਈ ਨੇ ਕਥਿਤ ਤੌਰ ‘ਤੇ ਕਿਹਾ ਕਿ ਉਹ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।