ਚੰਡੀਗੜ੍ਹ, 23 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ‘ਤੇ ਇੱਕ ਖਿਡਾਰੀ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਤੋਂ ਬਾਅਦ ਸਿਆਸਤ ਭਖਦੀ ਜਾ ਰਹੀ ਹੈ। ਮੁੱਖ ਮੰਤਰੀ ਦੇ ਇਲਜ਼ਾਮ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ।ਇਸ ਦੌਰਾਨ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਅਤੇ ਆਪਣਾ ਸਪਸ਼ਟੀਕਰਨ ਦਿੱਤਾ।
ਚਰਨਜੀਤ ਸਿੰਘ ਚੰਨੀ(Charanjit Singh Channi) ਨੇ ਕਿਹਾ ਕਿ ਉਸ ਨੇ ਕਿਸੇ ਤੋਂ ਸਿੱਧੇ ਜਾਂ ਆਪਣੇ ਰਿਸ਼ਤੇਦਾਰਾਂ ਰਾਹੀਂ ਨੌਕਰੀ ਜਾਂ ਤਬਾਦਲੇ ਲਈ ਪੈਸੇ ਨਹੀਂ ਲਏ। ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ ‘ਤੇ ਟਿਕੇ ਹਨ। ਇਸ ‘ਤੇ ਭਗਵੰਤ ਮਾਨ ਨੇ ਚੰਨੀ ਨੂੰ ਕਿਹਾ ਕਿ ਮੇਰਾ ਮੂੰਹ ਨਾ ਖੁਲ੍ਹਵਾਉਣ । ਸਾਰੀਆਂ ਗੱਲਾਂ ਨੂੰ ਢਕੀ ਰਹਿਣ ਦਿਓ | ਉਨ੍ਹਾਂ ਨੇ ਕਿਹਾ ਸੀ ਕਿ ਧਰਮਸ਼ਾਲਾ ਵਿੱਚ ਮੈਚ ਦੌਰਾਨ ਇਕ ਖਿਡਾਰੀ, ਜਿਸ ਦਾ ਉਹ ਨਾਂ ਨਹੀਂ ਦੱਸੇਗਾ, ਉਸਨੇ ਕਿਹਾ ਕਿ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਹਨੀ ਕੋਲ ਨੌਕਰੀ ਲਈ ਭੇਜਿਆ ਸੀ। ਹਨੀ ਨੇ ਨੌਕਰੀ ਲਈ 2 ਕਰੋੜ ਰੁਪਏ ਮੰਗੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਜਾ ਕੇ ਆਪਣੇ ਭਤੀਜੇ-ਭਤੀਜੇ ਨਾਲ ਗੱਲ ਕਰਨ। ਉਨ੍ਹਾਂ ਨੂੰ ਪੁੱਛੋ ਕਿ ਕਿਸ ਨੇ ਪੈਸੇ ਮੰਗੇ, ਫਿਰ ਜਵਾਬ ਦਿਓ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿੱਚ 3-4 ਦਿਨਾਂ ‘ਚ ਖਿਡਾਰੀ ਨੂੰ ਵੀ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ |




