July 7, 2024 7:24 pm
Chandrayaan-3

Chandrayaan-3: ਇਸਰੋ ਨੇ ਚੰਦਰਯਾਨ-3 ਦੇ ਸੀਈ-20 ਕ੍ਰਾਇਓਜੇਨਿਕ ਇੰਜਣ ਦਾ ਕੀਤਾ ਸਫਲ ਪ੍ਰੀਖਣ

ਚੰਡੀਗੜ੍ਹ, 28 ਫਰਵਰੀ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਆਪਣੇ ਚੰਦਰਮਾ ਮਿਸ਼ਨ ਚੰਦਰਯਾਨ-3 (Chandrayaan-3) ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ ਲਈ ਲਾਂਚ ਵਾਹਨ ਦੇ ਸੀਈ-20 ਕ੍ਰਾਇਓਜੇਨਿਕ ਇੰਜਣ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ ।

ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੀਖਣ 24 ਫਰਵਰੀ ਨੂੰ ਤਮਿਲਨਾਡੂ ਦੇ ਮਹੇਂਦਰਗਿਰੀ ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ ਦੇ ਹਾਈ ਅਲਟੀਟਿਊਡ ਟੈਸਟ ਫੈਸਿਲਿਟੀ ਵਿੱਚ 25 ਸਕਿੰਟਾਂ ਦੀ ਯੋਜਨਾਬੱਧ ਮਿਆਦ ਲਈ ਕੀਤਾ ਗਿਆ ਸੀ। ਪੁਲਾੜ ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ‘ਚ ਕਿਹਾ ਗਿਆ ਕਿ ਪ੍ਰੀਖਣ ਦੌਰਾਨ ਸਾਰੇ ਮਾਪਦੰਡ ਤਸੱਲੀਬਖਸ਼ ਪਾਏ ਗਏ। ਪੂਰੀ ਤਰ੍ਹਾਂ ਏਕੀਕ੍ਰਿਤ ਉਡਾਣ ਲਈ ਕ੍ਰਾਇਓਜੇਨਿਕ ਇੰਜਣ ਨੂੰ ਪ੍ਰੋਪੈਲੈਂਟ ਟੈਂਕ, ਸਟੇਜ ਬਣਤਰ ਅਤੇ ਸੰਬੰਧਿਤ ਤਰਲ ਲਾਈਨਾਂ ਨਾਲ ਜੋੜਿਆ ਜਾਵੇਗਾ।

ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ-3 (Chandrayaan-3) ਦੇ ਲੈਂਡਰ ਦਾ ਸਫਲ ਪ੍ਰੀਖਣ ਕੀਤਾ ਸੀ। ਇਸਰੋ ਨੇ ਕਿਹਾ ਸੀ ਕਿ ਸੈਟੇਲਾਈਟ ਮਿਸ਼ਨਾਂ ਲਈ EMI/EMC ਟੈਸਟਿੰਗ ਪੁਲਾੜ ਵਾਤਾਵਰਣ ਵਿੱਚ ਸੈਟੇਲਾਈਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਅਤੇ ਸੰਭਾਵਿਤ ਇਲੈਕਟ੍ਰੋਮੈਗਨੈਟਿਕ ਪੱਧਰਾਂ ਨਾਲ ਇਸਦੀ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ। ਪੁਲਾੜ ਏਜੰਸੀ ਨੇ ਕਿਹਾ ਸੀ, ਇਹ ਪ੍ਰੀਖਣ ਸੈਟੇਲਾਈਟ ਦੇ ਨਿਰਮਾਣ ਦੀ ਦਿਸ਼ਾ ‘ਚ ਇਕ ਵੱਡਾ ਮੀਲ ਪੱਥਰ ਹੈ।

ਚੰਦਰਯਾਨ-3 ਨੂੰ ਜੂਨ ‘ਚ ਲਾਂਚ ਕੀਤਾ ਜਾਵੇਗਾ
ਚੰਦਰਯਾਨ-3 ਭਾਰਤ ਦਾ ਤੀਜਾ ਚੰਦਰ ਮਿਸ਼ਨ ਹੈ। ਇਸ ਦਾ ਉਦੇਸ਼ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਰੂਪ ਨਾਲ ਉਤਰਨ ਅਤੇ ਨਮੂਨੇ ਇਕੱਠੇ ਕਰਨ ਲਈ ਰੋਵਰ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਇਸਰੋ ਇਸ ਨੂੰ ਜੂਨ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੰਦਰਯਾਨ-3 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਵਹੀਕਲ ਮਾਰਕ-3 (LVM-3) ਰਾਹੀਂ ਚੰਦਰਮਾ ਵੱਲ ਭੇਜਿਆ ਜਾਵੇਗਾ।