July 7, 2024 6:32 am
Amaravati

Amaravati: ਚੰਦਰਬਾਬੂ ਨਾਇਡੂ ਦਾ ਵੱਡਾ ਬਿਆਨ, ਅਮਰਾਵਤੀ ਹੋਵੇਗੀ ਆਂਧਰਾ ਪ੍ਰਦੇਸ਼ ਦੀ ਇਕਲੌਤੀ ਰਾਜਧਾਨੀ

ਚੰਡੀਗੜ੍ਹ, 11 ਜੂਨ 2024: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ, ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰਾਵਤੀ (Amaravati) ਰਾਜ ਦੀ ਇਕਲੌਤੀ ਰਾਜਧਾਨੀ ਹੋਵੇਗੀ। ਨਾਇਡੂ ਟੀਡੀਪੀ, ਭਾਜਪਾ ਅਤੇ ਜਨਸੈਨਾ ਦੇ ਵਿਧਾਇਕਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਬੈਠਕ ਵਿੱਚ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਐਨਡੀਏ ਆਗੂ ਚੁਣਿਆ ਗਿਆ।

ਇਸ ਦੌਰਾਨ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ ਤਿੰਨ ਰਾਜਧਾਨੀਆਂ ਦੀ ਆੜ ਵਿੱਚ ਕੋਈ ਖੇਡ ਨਹੀਂ ਚੱਲੇਗੀ। ਸਾਡੀ ਰਾਜਧਾਨੀ ਅਮਰਾਵਤੀ ਹੈ, ਰਾਜ ਦੀ ਵੰਡ ਤੋਂ ਬਾਅਦ ਚੰਦਰਬਾਬੂ ਨਾਇਡੂ ਪਹਿਲੇ ਮੁੱਖ ਮੰਤਰੀ ਬਣੇ। ਉਹ 2014 ਤੋਂ 2019 ਤੱਕ ਮੁੱਖ ਮੰਤਰੀ ਰਹੇ। ਨਾਇਡੂ ਨੇ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਦਾ ਵਿਚਾਰ ਪੇਸ਼ ਕੀਤਾ ਸੀ।

ਹਾਲਾਂਕਿ, ਨਾਇਡੂ ਦੇ ਵਿਚਾਰ ਨੂੰ ਝਟਕਾ ਲੱਗਾ ਜਦੋਂ ਉਹ 2019 ਵਿੱਚ ਸੱਤਾ ਗੁਆ ਬੈਠਾ ਅਤੇ ਵਾਈ ਐਸ ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐਸਆਰਸੀਪੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਰੈੱਡੀ ਨੇ ਫਿਰ ਅਮਰਾਵਤੀ ਸ਼ਹਿਰ ਦੀਆਂ ਯੋਜਨਾਵਾਂ ਨੂੰ ਠੰਡੇ ਬਸਤੇ ਪਾ ਦਿੱਤਾ ਸੀ ਅਤੇ ਤਿੰਨ ਰਾਜਧਾਨੀਆਂ ਦਾ ਨਵਾਂ ਵਿਚਾਰ ਪੇਸ਼ ਕੀਤਾ, ਜਿਸ ਨੂੰ ਨਾਇਡੂ ਨੇ ਹੁਣ ਇੱਕ ਹੀ ਰਾਜਧਾਨੀ ਰੱਖਣ ਦੇ ਫੈਸਲੇ ਨਾਲ ਬਦਲ ਦਿੱਤਾ ਹੈ।

ਆਂਧਰਾ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਟੀਡੀਪੀ, ਭਾਜਪਾ ਅਤੇ ਜਨਸੇਨਾ ਦੇ ਗਠਜੋੜ ਨੇ ਇੱਕਤਰਫ਼ਾ ਜਿੱਤ ਹਾਸਲ ਕੀਤੀ ਹੈ। ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਗਠਜੋੜ ਨੇ 164 ਸੀਟਾਂ ਜਿੱਤੀਆਂ ਸਨ। ਜਦੋਂ ਕਿ ਲੋਕ ਸਭਾ ਚੋਣਾਂ ਵਿਚ ਇਸ ਨੇ 21 ਸੀਟਾਂ ‘ਤੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ। ਇਸ ਫ਼ਤਵੇ ਨੇ ਅਮਰਾਵਤੀ (Amaravati) ਨੂੰ ਰਾਜਧਾਨੀ ਬਣਾਉਣ ਦੀ ਯੋਜਨਾ ਵਿੱਚ ਜਾਨ ਪਾ ਦਿੱਤੀ ਹੈ |