ਮੋਹਾਲੀ 07 ਫਰਵਰੀ 2023: 26 ਫਰਵਰੀ, 2023 ਤੋਂ ਚੰਡੀਗੜ੍ਹ ਯੂਨੀਵਰਸਿਟੀ (Chandigarh University) , ਘੜੂੰਆਂ ਵਿਖੇ ਸੂਦ ਕਲਾਸਿਕ ਦੁਆਰਾ ਆਯੋਜਿਤ ਵਿਸ਼ਵ ਸਟਰਾਂਗਮੈਨ ਗੇਮਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਹਨਾਂ ਦਾ ਆਯੋਜਨ, ਪੰਜਾਬ ਦੀਆਂ ਰਿਵਾਇਤੀ ਪੇਂਡੂ ਖੇਡਾਂ ਜੋਕਿ ਸਮੇਂ ਦੇ ਨਾਲ-ਨਾਲ ਅਲੋਪ ਹੁੰਦੀਆਂ ਜਾ ਰਹੀਆਂ ਹਨ ਨੂੰ ਪ੍ਰੋਤਸਾਹਿਤ ਕਰਨ ਅਤੇ ਭਾਰਤ ਸਰਕਾਰ ਦੇ ਫਿੱਟ ਇੰਡੀਆ ਮਿਸ਼ਨ ਨੂੰ ਵਧਾਵਾ ਦੇਣ ਦੇ ਮਕਸਦ ਨਾਲ ਕਰਵਾਇਆ ਜਾ ਰਿਹਾ ਹੈ। ਇਹ ਖੇਡਾਂ ਵਿਦੇਸ਼ਾਂ ਵਿੱਚ ਖਾਸੀਆਂ ਪਸੰਦ ਕੀਤੀਆਂ ਜਾਂਦੀਆਂ ਹਨ, ਜਦਕਿ ਭਾਰਤ ਦੀਆਂ, ਖਾਸ ਤੌਰ ‘ਤੇ ਪੰਜਾਬ ਦੀਆਂ ਇਹਨਾਂ ਰਿਵਾਇਤੀ ਖੇਡਾਂ ਦਾ ਮਹੱਤਵ, ਆਧੁਨਿਕ ਯੁੱਗ ਦੇ ਨਾਲ-ਨਾਲ ਘੱਟਦਾ ਗਿਆ। ਪਰ ਹੁਣ ਰਿਵਾਇਤੀ ਖੇਡਾਂ ਨਵੀਂ ਤਕਨੀਕ ਅਤੇ ਢੰਗ ਦੇ ਨਾਲ, ਪਹਿਲੀ ਵਾਰ ਭਾਰਤ ਵਿੱਚ ਕਰਵਾਈਆਂ ਜਾ ਰਹੀਆਂ ਹਨ ਤੇ ਇਹਨਾਂ ਦੀ ਮੇਜ਼ਬਾਨੀ ਚੰਡੀਗੜ੍ਹ ਯੂਨੀਵਰਸਿਟੀ ਕਰ ਰਹੀ ਹੈ। ਦੱਸਣਯੋਗ ਹੈ ਕਿ ਨੌਜਵਾਨਾਂ ਦੇ ਫਿੱਟਨੈਸ ਆਈਡਲ ਸੋਨੂੰ ਸੂਦ, ਇਸ ਚੈਂਪੀਅਨਸ਼ਿਪ ਦੇ ਬ੍ਰੈਂਡ ਅੰਬੈਸਡਰ ਹਨ।
ਹਾਲ ਹੀ ‘ਚ ਇਸ ਈਵੈਂਟ ਨੂੰ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ‘ਚ ਹੋਈ ਪ੍ਰੈੱਸ ਵਾਰਤਾ ਦੌਰਾਨ ਕਈ ਉੱਘੀਆਂ ਸ਼ਖਸੀਅਤਾਂ ਨੇ ਭਾਗ ਲਿਆ। ਇਹਨਾਂ ਵਿੱਚ ਸਟਰਾਂਗਮੈਨ ਇੰਡੀਆ ਦੇ ਚੇਅਰਮੈਨ ਹਰਵਿੰਦਰ ਸਿੰਘ ਸਲੀਨਾ, ਯੂਨਾਈਟਿਡ ਇੰਟਰਕੌਂਟੀਨੈਂਟਲ ਬਾਡੀ ਬਿਲਡਿੰਗ ਫਿਟਨੈਸ ਫੈਡਰੇਸ਼ਨ ਇੰਡੀਆ ਦੇ ਪ੍ਰਧਾਨ ਰਾਜਵਿੰਦਰ ਸਿੰਘ ਸੋਢੀ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਅਭਿਨੇਤਾ-ਨਿਰਦੇਸ਼ਕ ਤੇ ਪ੍ਰੋ-ਪੰਜਾ ਲੀਗ (ਪੀਪੀਐਲ) ਦੇ ਸਹਿ-ਮਾਲਕ ਅਤੇ ਪ੍ਰਮੋਟਰ ਪ੍ਰਵੀਨ ਡਬਾਸ, ਡਬਲਯੂਡਬਲਯੂਈ ਰੈਸਲਿੰਗ (ਅਮਰੀਕਾ) ਦੇ ਖਿਡਾਰੀ, ਰੁਸਤਮ-ਏ-ਹਿੰਦ ਸਤੇਂਦਰ ਡਾਗਰ, ਆਰਮ ਰੈਸਲਿੰਗ ਚੈਂਪੀਅਨ, ਯੋਗੇਸ਼ ਚੌਧਰੀ ਅਤੇ ਇੰਡੀਆ ਸਟ੍ਰੌਂਗਮੈਨ ਦੇ ਵਾਈਸ ਪ੍ਰੈਜ਼ੀਡੈਂਟ ਧੀਰਜ ਦਹੀਆ ਹਾਜ਼ਰ ਸਨ।
ਯੂਨਾਈਟਿਡ ਇੰਟਰਕੌਂਟੀਨੈਂਟਲ ਬਾਡੀ ਬਿਲਡਿੰਗ ਫਿਟਨੈਸ ਫੈਡਰੇਸ਼ਨ ਇੰਡੀਆ ਦੇ ਪ੍ਰਧਾਨ ਰਾਜਵਿੰਦਰ ਸਿੰਘ ਸੋਢੀ ਨੇ ਮੀਡੀਆ ਨੂੰ ਦੱਸਿਆ ਕਿ 26 ਫਰਵਰੀ ਤੋਂ ਸ਼ੁਰੂ ਇਸ ਚੈਂਪੀਅਨਸ਼ਿਪ ਵਿੱਚ 3 ਤਰ੍ਹਾਂ ਦੇ ਈਵੈਂਟ, ਸਟ੍ਰੋਂਗਮੈਨ, ਡਬਲਯੂਡਬਲਯੂਈ ਰੈਸਲਿੰਗ ਅਤੇ ਪ੍ਰੋ-ਪੰਜਾ ਹੋਣਗੇ। ਸਟ੍ਰੋਂਗਮੈਨ ਗੇਮਜ਼ ਵਿੱਚ ਓਵਰਹੈੱਡ ਪ੍ਰੈੱਸ, ਸੈੱਟਸਟੋਨ, ਸਟੋਨ ਟੂ ਆਰਮ, ਫਾਰਮਰ ਵਾੱਕ, ਐਟਲਸ ਸਟੋਨ, ਟਾਇਰ ਫਲਿੱਪ ਅਤੇ ਟਾਇਰ ਡੈੱਡਲਿਫਟ ਮੁਕਾਬਲੇ ਕਰਵਾਏ ਜਾਣਗੇ। ਪ੍ਰੋ-ਪੰਜਾ ਈਵੈਂਟ ਵਿੱਚ ਪੁਰਸ਼ਾਂ ਲਈ 65, 75, 85, 85+ ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਮਹਿਲਾਵਾਂ ਲਈ 65, 65+ ਕਿਲੋ ਭਾਰ ਵਰਗ ਦੇ ਮੁਕਾਬਲਿਆਂ ਦਾ ਆਯੋਜਨ ਹੈ। ਇਸਤੋਂ ਇਲਾਵਾ ਡਬਲਯੂਡਬਲਯੂਈ ਰੈਸਲਿੰਗ ਦੇ ਸ਼ੋਕੇਸ ਮੈਚ ਅਤੇ ਬਾਕਸਿੰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਮੌਕੇ ‘ਤੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ ਚੰਡੀਗੜ੍ਹ ਯੂਨੀਵਰਸਿਟੀ ਨੇ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਫਿਟ ਇੰਡੀਆ ਮੁਹਿੰਮ ਵਿੱਚ ਯੋਗਦਾਨ ਪਾਉਣ ਦੇ ਉਦੇਸ਼ ਨਾਲ ਵਿਸ਼ਵ ਸਟ੍ਰਾਂਗਮੈਨ ਖੇਡਾਂ ਨਾਲ ਹੱਥ ਮਿਲਾਇਆ ਹੈ। ਵਰਲਡ ਸਟ੍ਰੌਂਗਮੈਨ ਗੇਮਜ਼ ਚੈਂਪੀਅਨਸ਼ਿਪ ਭਾਰਤ ਦੀਆਂ ਪੇਂਡੂ ਖੇਡਾਂ ਲਈ ਇੱਕ ਨਵਾਂ ਪਲੇਟਫਾਰਮ ਪ੍ਰਦਾਨ ਕਰੇਗੀ। ਇਹ ਤ੍ਰਾਸਦੀ ਦੀ ਗੱਲ ਹੈ ਕਿ ਪੁਰਾਤਨ ਖੇਡਾਂ ਨੂੰ ਜੋ ਬਣਦਾ ਮਾਣ ਭਾਰਤ ਵਿੱਚ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਸਕਿਆ ਪਰ ਅੰਤਰਰਾਸ਼ਟਰੀ ਪੱਧਰ ‘ਤੇ ਇਹ ਖੇਡਾਂ ਪ੍ਰਸਿੱਧ ਹਨ ਅਤੇ ਹੁਣ ਇਹਨਾਂ ਨੂੰ ਭਾਰਤ ਵਿੱਚ ਪ੍ਰਮੋਟ ਕੀਤੇ ਜਾਣ ਦੀ ਲੋੜ ਹੈ।
ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਇਸ ਵਿੱਚ ਆਪਣਾ ਨਿਮਾਣਾ ਜਿਹਾ ਯੋਗਦਾਨ ਪਾ ਰਹੇ ਹਾਂ। ਮੈਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੋਂ, ਹਰ ਸਾਲ ਚੰਡੀਗੜ੍ਹ ਯੂਨੀਵਰਸਿਟੀ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰੇਗੀ। ਚੰਡੀਗੜ੍ਹ ਯੂਨੀਵਰਸਿਟੀ (Chandigarh University) ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਹੈ, ਤਾਂ ਜੋ ਉਹ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਸਕਣ ਅਤੇ ਆਪਣੀਆਂ ਖੇਡਾਂ ਲਈ ਪ੍ਰਸਿੱਧੀ ਵੀ ਪ੍ਰਾਪਤ ਸਕਣ। ਇਸਲਈ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਪੰਜਾਬ ਦੀਆਂ ਕਲਾਸਿਕ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਆਉਣ ਵਾਲੇ ਸਾਲਾਂ ਦੌਰਾਨ 300 ਕਰੋੜ ਦੀ ਲਾਗਤ ਨਾਲ 30 ਏਕੜ ਜ਼ਮੀਨ ‘ਤੇ ਖੇਡ ਕੰਪਲੈਕਸ ਬਣਾਉਣ ਜਾ ਰਹੇ ਹਾਂ।“
ਕਾਨਫਰੰਸ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸਟਰਾਂਗਮੈਨ ਇੰਡੀਆ ਦੇ ਚੇਅਰਮੈਨ ਹਰਵਿੰਦਰ ਸਿੰਘ ਸਲੀਨਾ ਨੇ ਕਿਹਾ, “ਨੌਜਵਾਨਾਂ ਨੂੰ ਪੁਰਾਤਨ ਪੇਂਡੂ ਖੇਡਾਂ ਨਾਲ ਜੋੜਣ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਨਸ਼ੇ ਤੋਂ ਦੂਰ ਰੱਖਣ ਦੇ ਉਦੇਸ਼ ਨਾਲ, ਸੂਦ ਕਲਾਸਿਕ ਵੱਲੋਂ ਇਹਨਾਂ ਖੇਡਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਹ ਭਾਰਤ ਲਈ ਮਾਨ ਵਾਲੀ ਗੱਲ ਹੈ ਕਿ ਇਹਨਾਂ ਖੇਡਾਂ ਲਈ ਦੇਸ਼-ਵਿਦੇਸ਼ ਦੇ ਹਜਾਰਾਂ ਨੌਜਵਾਨਾਂ ਨੇ ਨਾਮਾਂਕਨ ਭਰਿਆ। ਜਿਹਨਾਂ ਵਿੱਚੋਂ ਯੋਗਤਾ ਦੇ ਅਧਾਰ ‘ਤੇ 500 ਉਮੀਦਵਾਰਾਂ ਨੂੰ ਮੁਕਾਬਲਿਆਂ ਲਈ ਚੁਣਿਆ ਗਿਆ ਹੈ। ਇਹਨਾਂ 500 ਭਾਗੀਦਾਰਾਂ ਵਿੱਚ ਕੇਵਲ ਭਾਰਤ ਹੀ ਨਹੀਂ ਬਲਕਿ ਯੂਕੇ, ਕੈਨੇਡਾ, ਯੂਗਾਂਡਾ, ਅਮਰੀਕਾ, ਇਟਲੀ, ਕਜ਼ਾਕਿਸਤਾਨ ਅਤੇ ਫਰਾਂਸ ਦੇ ਨੌਜਵਾਨ ਖਿਡਾਰੀ ਵੀ ਚੁਣੇ ਗਏ ਹਨ। ਇਸ ਪ੍ਰਤਿਯੋਗਤਾ ਵਿੱਚ ਜਿੱਤਣ ਵਾਲਿਆਂ ਨੂੰ 13 ਲੱਖ ਤੱਕ ਦੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ।“
ਅਭਿਨੇਤਾ-ਨਿਰਦੇਸ਼ਕ ਤੇ ਪ੍ਰੋ-ਪੰਜਾ ਲੀਗ (ਪੀਪੀਐਲ) ਦੇ ਸਹਿ-ਮਾਲਕ ਅਤੇ ਪ੍ਰਮੋਟਰ ਪ੍ਰਵੀਨ ਡਬਾਸ ਨੇ ਇਹਨਾਂ ਖੇਡਾਂ ਦੇ ਟਵਿੱਸਟ ਬਾਰੇ ਦੱਸਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੰਡਿਆਂ ਨੂੰ ਆਰਮ ਰੈਸਲਿੰਗ ਚੈਂਪੀਅਨ ਯੋਗੇਸ਼ ਚੌਧਰੀ ਨੂੰ ਹਰਾਉਣ ਦੀ ਚੁਣੌਤੀ ਵੀ ਰੱਖੀ ਗਈ ਹੈ। ਯੋਗੇਸ਼ ਦਾ ਮੁਕਾਬਲਾ ‘ਵਰਸਿਟੀ ਦੇ 3 ਚੁਣੇ ਗਏ ਮੁੰਡਿਆਂ ਨਾਲ ਕਰਵਾਇਆ ਜਾਵੇਗਾ ਅਤੇ ਉਸਨੂੰ ਹਰਾਉਣ ਵਾਲੇ ਤਿੰਨਾਂ ਮੁੰਡਿਆਂ ਨੂੰ 10-10 ਹਜਾਰ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਡਬਲਯੂ.ਡਬਲਯੂ.ਈ ਦਾ ਅਮਰੀਕੀ ਪਹਿਲਵਾਨ ਜੈਕਸਨ ਰਾਈਕਰ ਅਤੇ ਹਰਿਆਣਾ ਤੋਂ ਡਬਲਯੂਡਬਲਯੂਈ ਪਹਿਲਵਾਨ ਸਤੇਂਦਰ ਡਾਗਰ ਵੀ ਇਸ ਈਵੈਂਟ ਦਾ ਹਿੱਸਾ ਹੋਣਗੇ।