ਮੋਹਾਲੀ, 17 ਜਨਵਰੀ 2025: ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਰਾਸ਼ਟਰਪਤੀ ਭਵਨ ’ਚ ਕਰਵਾਏ ਕੌਮੀ ਖੇਡ ਪੁਰਸਕਾਰ ਵੰਡ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਦਵਿੰਦਰ ਸਿੰਘ ਸਿੱਧੂ ਨੂੰ “ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ” ਪ੍ਰਦਾਨ ਕੀਤੀ ਗਈ ਹੈ।
ਇਸ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਬੀ.ਏ ਦੇ ਵਿਦਿਆਰਥੀ ਅਤੇ ਕੌਮਾਂਤਰੀ ਹਾਕੀ ਖਿਡਾਰੀ ਸੰਜੇ ਨੂੰ ਇਸ ਸਮਾਗਮ ਮੌਕੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸਤੋਂ ਇਲਾਵਾ ਹੀ ਚੰਡੀਗੜ੍ਹ ਯੂਨੀਵਰਸਿਟੀ ਸਰਵਉੱਚ ਮਾਕਾ ਟਰਾਫ਼ੀ (Maka Trophy 2024) ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਵੀ ਬਣ ਗਈ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੂੰ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਮਾਕਾ ਟਰਾਫ਼ੀ (Maka Trophy 2024) ਨਾਲ ਸਨਮਾਨਿਤ ਕੀਤਾ ਹੈ। ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਨੇ 32 ਸੋਨੇ, 18 ਚਾਂਦੀ ਅਤੇ 21 ਕਾਂਸੀ ਦੇ ਤਮਗਿਆਂ ਨਾਲ 71 ਤਮਗੇ ਆਪਣੇ ਨਾਂ ਕੀਤੇ ਸਨ। ਇਸਤੋਂ ਇਲਾਵਾ 19ਵੇਂ ਏਸ਼ੀਆਈ ਖੇਡਾਂ ’ਚ ਭਾਗ ਲੈਣ ਵਾਲੇ 653 ਖਿਡਾਰੀਆਂ ਦੇ ਭਾਰਤੀ ਦਲ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਸਭ ਤੋਂ ਵੱਧ 22 ਖਿਡਾਰੀਆਂ ਨੇ ਨੁਮਾਇੰਦਗੀ ਕੀਤੀ ਸੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਏਸ਼ੀਅਨ ਖੇਡਾਂ ’ਚ ਭਾਰਤ ਵੱਲੋਂ 8 ਸੋਨੇ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ 107 ਤਮਗਿਆਂ ਦੀ ਗਿਣਤੀ ’ਚ ਪ੍ਰਸ਼ੰਸਾਂਯੋਗ ਯੋਗਦਾਨ ਪਾਇਆ ਸੀ।
ਮਾਕਾ ਟਰਾਫ਼ੀ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਸਦ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ “ਭਾਰਤ ਦੇ ਰਾਸ਼ਟਰਪਤੀ ਤੋਂ ਵੱਕਾਰੀ ਮਾਕਾ ਟਰਾਫੀ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ। ਇਸ ਨਾਲ ਸਾਡੇ ਖਿਡਾਰੀਆਂ ਨੇ ਸਾਨੂੰ ਮਾਣ ਦਿਵਾਇਆ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਲਈ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਸਿਖਲਾਈ ਅਤੇ ਤਿਆਰ ਕਰਨ ਲਈ ਵਚਨਬੱਧ ਹੈ, ਜਿਸ ਨਾਲ ਸਾਡੇ ਖਿਡਾਰੀ ਨਾ ਸਿਰਫ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰ ਸਕਣਗੇ ਬਲਕਿ ਭਾਰਤ ਲਈ ਤਮਗੇ ਜਿੱਤਣ ਨਾਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਨੂੰ ਖੇਡਾਂ ‘ਚ ਚੋਟੀ ਦੇ 10 ਦੇਸ਼ਾਂ ‘ਚ ਸ਼ਾਮਲ ਹੋਣ ਦਾ ਸੁਪਨਾ ਵੀ ਪੂਰਾ ਕਰਨਗੇ।”
ਸਤਨਾਮ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਉਭਰਦੇ ਖਿਡਾਰੀਆਂ ਲਈ ਸਕਾਲਰਸ਼ਿਪ, ਪੇਸ਼ੇਵਰ ਸਿਖਲਾਈ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਰੂਪ ‘ਚ ਪੂਰਾ ਸਮਰਥਨ ਦੇ ਰਿਹਾ ਹੈ। ਵਰਤਮਾਨ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ 1183 ਵਿਦਿਆਰਥੀ 8.5 ਕਰੋੜ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ।
Read More: ਊਰਜਾ ਸੰਭਾਲ ਖੋਜ ਸੰਬੰਧੀ PEDA ਤੇ ਚੰਡੀਗੜ੍ਹ ਯੂਨੀਵਰਸਿਟੀ ਵਿਚਾਲੇ ਅਹਿਮ ਸਮਝੌਤਾ