July 6, 2024 11:13 pm
Chandigarh

ਚੰਡੀਗੜ੍ਹ ਵਾਸੀ ਨਾ ਕਰਨ ਇਹ ਗਲਤੀ, ਨਗਰ ਨਿਗਮ ਨੇ ਦਿੱਤੀ ਸਖ਼ਤ ਚਿਤਾਵਨੀ

ਚੰਡੀਗੜ੍ਹ, 03 ਜੂਨ 2024: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਚੰਡੀਗੜ੍ਹ (Chandigarh) ‘ਚ ਪਾਣੀ ਦੀ ਮੰਗ ਵਧਣ ਕਾਰਨ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ 18 ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਘੁੰਮਣਗੀਆਂ ਅਤੇ ਜੋ ਵੀ ਪਾਣੀ ਦੀ ਬਰਬਾਦੀ ਕਰਦਾ ਪਾਇਆ ਗਿਆ, ਉਸ ਦਾ ਮੌਕੇ ‘ਤੇ ਹੀ 5000 ਰੁਪਏ ਦਾ ਚਲਾਨ ਕੱਟਿਆ ਜਾਵੇਗਾ | ਇਹ ਜਾਣਕਾਰੀ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਦਿੱਤੀ ਹੈ।

ਉਨ੍ਹਾਂ ਨੇ ਚੰਡੀਗੜ੍ਹ (Chandigarh) ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ। ਨਗਰ ਨਿਗਮ ਦੀਆਂ ਇਨ੍ਹਾਂ 18 ਟੀਮਾਂ ਵਿੱਚ ਐਸ.ਡੀ.ਈ ਅਤੇ ਜੇ.ਈ. ਅਤੇ ਹੋਰ ਕਰਮਚਾਰੀ ਵੀ ਸ਼ਾਮਲ ਕੀਤੇ ਗਏ ਹਨ। ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਸਵੇਰੇ ਸਾਢੇ ਪੰਜ ਵਜੇ ਪਾਣੀ ਆ ਜਾਂਦਾ ਹੈ। ਇਸ ਲਈ ਟੀਮਾਂ ਵੀ ਸਵੇਰੇ ਤਿੰਨ ਘੰਟੇ ਵੱਖ-ਵੱਖ ਹਿੱਸਿਆਂ ਵਿੱਚ ਜਾਣਗੀਆਂ। ਨਿਗਮ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਤਾਜ਼ੇ ਪਾਣੀ ਨਾਲ ਵਾਹਨਾਂ ਅਤੇ ਬਾਗਾਂ ਨੂੰ ਪਾਣੀ ਲਗਾਉਂਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ ਸਿੱਧੇ ਤੌਰ ‘ਤੇ 5,000 ਰੁਪਏ ਦਾ ਚਲਾਨ ਕੀਤਾ ਜਾਵੇਗਾ।