ਚੰਡੀਗੜ੍ਹ, 04 ਅਕਤੂਬਰ 2024: ਚੰਡੀਗੜ੍ਹ ਪੁਲਿਸ (Chandigarh Police) ਵਿਦੇਸ਼ ‘ਚ ਬੈਠੇ ਬਦਮਾਸ਼ ਗੋਲਡੀ ਬਰਾੜ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ‘ਚ ਹੈ | ਚੰਡੀਗੜ੍ਹ ਪੁਲਿਸ ਗੋਲਡੀ ਬਰਾੜ ਖ਼ਿਲਾਫ਼ ਇਕ ਹੋਰ ਗੰਭੀਰ ਮਾਮਲੇ ‘ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਗੋਲਡੀ ਬਰਾੜ ‘ਤੇ ਡੱਡੂਮਾਜਰਾ ਇਲਾਕੇ ‘ਚ ਫਾਰਚੂਨਰ ਡਰਾਈਵਰ ਗੁਰਜੀਤ ਸਿੰਘ ਭੂਰਾ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਫਿਰੌਤੀ ਦੀ ਰਕਮ ਨਾ ਦੇਣ ‘ਤੇ 2 ਸਤੰਬਰ ਨੂੰ ਉਸ ‘ਤੇ ਗੋਲੀਆਂ ਚਲਾਉਣ ਦਾ ਦੋਸ਼ ਲੱਗਾ ਹੈ। ਪੁਲਿਸ ਹੁਣ ਇਸ ਮਾਮਲੇ ‘ਚ ਯੂਏਪੀਏ ਦੀ ਧਾਰਾ ਜੋੜਨ ਦੀ ਤਿਆਰੀ ਕਰ ਰਹੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਜੀਤ ਸਿੰਘ ਭੂਰਾ ਜਿੰਮ ਤੋਂ ਵਾਪਸ ਆ ਰਿਹਾ ਸੀ। ਗੋਲਡੀ ਬਰਾੜ ਦੇ ਕਹਿਣ ‘ਤੇ ਉਸ ਦੇ ਸਾਥੀਆਂ ਹਰਸ਼ਦੀਪ ਅਤੇ ਗੁਰਸ਼ਰਨਜੀਤ ਨੇ ਭੂਰਾ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਹਮਲਾ ਸਿਰਫ ਇਸ ਲਈ ਕੀਤਾ ਗਿਆ ਸੀ ਕਿਉਂਕਿ ਭੂਰਾ ਨੇ ਗੋਲਡੀ ਵੱਲੋਂ ਮੰਗੇ 1 ਕਰੋੜ ਰੁਪਏ ਦੀ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਚੰਡੀਗੜ੍ਹ ਪੁਲਿਸ (Chandigarh Police) ਇਸ ਮਾਮਲੇ ‘ਚ ਦੋਵਾਂ ਸ਼ੂਟਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ 11 ਮਾਰਚ ਨੂੰ ਪੁਲਿਸ ਨੇ ਗੋਲਡੀ ਬਰਾੜ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਸੀ। ਇਸਦੇ ਨਾਲ ਹੀ ਸੈਕਟਰ-11 ਥਾਣੇ ਵਿਚ ਦਰਜ ਇਸ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ |
Read More: BJP ਵੱਲੋਂ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਇੰਚਾਰਜ ਤੇ ਸਹਿ ਇੰਚਾਰਜਾਂ ਦੀ ਨਿਯੁਕਤੀ
ਫੜੇ ਗਏ ਇਨ੍ਹਾਂ ਸ਼ੂਟਰਾਂ ‘ਚ ਰੋਹਤਕ ਨਿਵਾਸੀ ਸੰਨੀ ਉਰਫ ਸਚਿਨ ਅਤੇ ਉਮੰਗ, ਫਰੀਦਾਬਾਦ ਨਿਵਾਸੀ ਕੈਲਾਸ਼ ਚੌਹਾਨ ਉਰਫ ਟਾਈਗਰ ਅਤੇ ਰਾਜਸਥਾਨ ਦੀ ਔਰਤ ਮਾਇਆ ਉਰਫ ਪੂਜਾ ਸ਼ਰਮਾ ਸ਼ਾਮਲ ਹਨ। ਇਨ੍ਹਾਂ ਸ਼ੂਟਰਾਂ ਦਾ ਮਕਸਦ ਬਦਮਾਸ਼ ਰਾਣਾ ਨੂੰ ਜ਼ਿਲ੍ਹਾ ਅਦਾਲਤ ਦੇ ਕੰਪਲੈਕਸ ‘ਚ ਮਾਰਨਾ ਸੀ। ਇਸ ਦੇ ਲਈ ਉਨ੍ਹਾਂ ਨੇ ਵਕੀਲਾਂ ਦੇ ਕੱਪੜੇ ਅਤੇ ਗਾਊਨ ਵੀ ਖਰੀਦ ਲਏ ਸਨ, ਤਾਂ ਜੋ ਉਹ ਆਸਾਨੀ ਨਾਲ ਅਦਾਲਤ ‘ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜ਼ਾਮ ਦੇ ਸਕਣ।
ਚੰਡੀਗੜ੍ਹ ਪੁਲਿਸ ਨੇ ਆਪਣੀ ਜਾਂਚ ‘ਚ ਪਾਇਆ ਕਿ ਗੋਲਡੀ ਬਰਾੜ ਆਪਣੇ ਗੈਂਗ ਦੇ ਮੈਂਬਰਾਂ ਰਾਹੀਂ ਸ਼ਹਿਰ ‘ਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਨਵੇਂ ਮਾਮਲੇ ‘ਚ ਯੂ.ਏ.ਪੀ.ਏ. ਤਹਿਤ ਕਾਰਵਾਈ ਨਾ ਸਿਰਫ਼ ਗੋਲਡੀ ਬਰਾੜ ‘ਤੇ ਸ਼ਿਕੰਜਾ ਕੱਸਣ ‘ਚ ਸਹਾਈ ਹੋਵੇਗੀ, ਸਗੋਂ ਉਸਦੇ ਸਾਥੀਆਂ ਅਤੇ ਹੋਰ ਅਪਰਾਧਿਕ ਤੱਤਾਂ ਨੂੰ ਵੀ ਸਖ਼ਤ ਸੰਦੇਸ਼ ਜਾਵੇਗਾ।