ਚੰਡੀਗੜ੍ਹ, 17 ਸਤੰਬਰ 2024: ਚੰਡੀਗੜ੍ਹ ਪੀਜੀਆਈ (Chandigarh PGI) ਨੇ ਆਪਣੇ 51 ਸਾਲਾਂ ਦੇ ਇਤਿਹਾਸ ‘ਚ 5000 ਤੋਂ ਵੱਧ ਕਿਡਨੀ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤੇ ਹਨ। ਚੰਡੀਗੜ੍ਹ ਪੀਜੀਆਈ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਮਾਮਲੇ ‘ਚ ਅਹਿਮਦਾਬਾਦ ਸਥਿਤ ਇੰਸਟੀਚਿਊਟ ਆਫ਼ ਕਿਡਨੀ ਡਿਜ਼ੀਜ਼ ਐਂਡ ਰਿਸਰਚ ਸੈਂਟਰ (IKDRC) ਤੋਂ ਬਾਅਦ ਦੇਸ਼ ‘ਚ ਦੂਜੇ ਨੰਬਰ ‘ਤੇ ਹੈ।
ਪੀਜੀਆਈ ਚੰਡੀਗੜ੍ਹ (Chandigarh PGI) ਵੱਲੋਂ ਕਿਡਨੀ ਟਰਾਂਸਪਲਾਂਟੇਸ਼ਨ ਦੀ ਇਸ ਅਹਿਮ ਉਪਲਬੱਧੀ ਨੇ ਸਿਹਤ ਸੰਭਾਲ ਸੇਵਾਵਾਂ ‘ਚ ਆਪਣੀ ਉੱਤਮਤਾ ਸਾਬਤ ਕਰ ਦਿੱਤੀ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਮੁਤਾਬਕ ਇਹ ਪ੍ਰਾਪਤੀ ਪੀਜੀਆਈ ਦੀ ਗਰੀਬ ਅਤੇ ਲੋੜਵੰਦ ਮਰੀਜ਼ਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਨੇ ਹਾਲ ਹੀ ਦੇ ਸਾਲਾਂ ‘ਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਵੱਡੀ ਗਿਣਤੀ ‘ਚ ਮਰੀਜ਼ਾਂ ਨੂੰ ਮੁਫ਼ਤ ਕਿਡਨੀ ਟਰਾਂਸਪਲਾਂਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ।
ਪੀਜੀਆਈ ਨੇ 2022 ਤੋਂ ਲੈ ਕੇ ਹੁਣ ਤੱਕ 102 ਮਰੀਜ਼ਾਂ ਨੂੰ ਆਯੁਸ਼ਮਾਨ ਭਾਰਤ ਸਕੀਮ ਅਧੀਨ ਕਵਰ ਕੀਤਾ ਹੈ, ਜਿਨ੍ਹਾਂ ‘ਚੋਂ 17 ਫੀਸਦੀ ਨੂੰ ਸਰਕਾਰੀ ਸਿਹਤ ਬੀਮਾ ਕਵਰੇਜ ਪ੍ਰਦਾਨ ਕੀਤੀ ਹੈ। ਇਸ ਸਕੀਮ ਤਹਿਤ ਕਿਡਨੀ ਟ੍ਰਾਂਸਪਲਾਂਟ ਲਈ ਮੁਫ਼ਤ ਸਰਜਰੀ ਦੇ ਨਾਲ-ਨਾਲ ਟਰਾਂਸਪਲਾਂਟ ਰੱਦ ਹੋਣ ਦੇ ਇਲਾਜ ਲਈ 1 ਲੱਖ ਰੁਪਏ ਦੀ ਵਾਧੂ ਰਾਸ਼ੀ ਵੀ ਦਿੱਤੀ ਜਾਂਦੀ ਹੈ।