ਚੰਡੀਗੜ੍ਹ, 14 ਅਪ੍ਰੈਲ 2025: ਚੰਡੀਗੜ੍ਹ (Chandigarh) ਦੇ ਸੈਕਟਰ-54 ਦੇ ਇੱਕ ਸਰਕਾਰੀ ਸਕੂਲ ਦੇ ਸਾਹਮਣੇ ਕੱਚੀ ਸੜਕ ‘ਤੇ ਇੱਕ ਨੌਜਵਾਨ ਦੀ ਮ੍ਰਿਤਕ ਮਿਲਣ ਦੀ ਘਟਨਾ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਉਕਤ ਮ੍ਰਿਤਕ ਨੌਜਵਾਨ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਸਿਰ ‘ਤੇ ਪੱਥਰ ਮਾਰ ਕੇ ਕਤਲ ਕੀਤਾ ਗਿਆ ਹੈ |
ਸੂਚਨਾ ਮਿਲਣ ‘ਤੇ ਸੈਕਟਰ 39 ਪੁਲਿਸ ਸਟੇਸ਼ਨ (Chandigarh) ਦੇ ਇੰਚਾਰਜ ਚਿਰੰਜੀ ਲਾਲ, ਜ਼ਿਲ੍ਹਾ ਅਪਰਾਧ ਸੈੱਲ ਦੇ ਇੰਚਾਰਜ ਜਸਪਾਲ ਸਿੰਘ ਭੁੱਲਰ, ਅਪਰਾਧ ਸ਼ਾਖਾ ਦੇ ਆਪ੍ਰੇਸ਼ਨ ਸੈੱਲ, ਸੀਐਫਐਸਐਲ ਟੀਮ ਅਤੇ ਫੋਰੈਂਸਿਕ ਟੀਮ ਦੇ ਡਾਕਟਰ ਧੀਰੇਂਦਰ ਯਾਦਵ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸੈਕਟਰ-16 ਹਸਪਤਾਲ ਦੇ ਮੁਰਦਾਘਰ ‘ਚ ਰੱਖਵਾ ਦਿੱਤਾ ਹੈ। ਫਿਲਹਾਲ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ, ਪੁਲਿਸ ਮੋਬਾਈਲ ਡੰਪ ਡੇਟਾ ਦੀ ਵੀ ਜਾਂਚ ਕਰ ਰਹੀ ਹੈ, ਇਸ ਨਾਲ ਕਾਤਲ ਤੱਕ ਪਹੁੰਚਣ ‘ਚ ਮਦਦ ਮਿਲਣ ਦੀ ਉਮੀਦ ਹੈ। ਉਕਤ ਮਾਮਲੇ ‘ਚ ਥਾਣਾ 39 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।