ਚੰਡੀਗ੍ਹੜ, 18 ਜਨਵਰੀ 2024: ਚੰਡੀਗੜ੍ਹ ਮੇਅਰ ਦੀ ਚੋਣ ਲਈ ਅੱਜ ਸਵੇਰੇ 11 ਵਜੇ ਵੋਟਿੰਗ ਸ਼ੁਰੂ ਹੋਣੀ ਸੀ। ਪਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋਣ ਕਾਰਨ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਚੰਡੀਗੜ੍ਹ ਮੇਅਰ ਚੋਣਾਂ ‘ਤੇ ਕਿਹਾ ਕਿ ਅੱਜ ਵੀ ਅਸੀਂ ਚੋਣ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜੇਕਰ ਕੋਈ ਪ੍ਰੀਜ਼ਾਈਡਿੰਗ ਅਫ਼ਸਰ ਬਿਮਾਰ ਹੁੰਦਾ ਹੈ ਤਾਂ ਦੂਜਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਚੋਣਾਂ ਹੋਣੀਆਂ ਸਨ, ਭਾਜਪਾ ਪਹਿਲਾਂ ਚੋਣ ਸਕੱਤਰ ਨੂੰ ਬਿਮਾਰ ਕਰਦੀ ਹੈ, ਫਿਰ ਪ੍ਰੀਜ਼ਾਈਡਿੰਗ ਅਫਸਰ ਨੂੰ ਬਿਮਾਰ ਕਰਦੀ ਹੈ ਅਤੇ ਫਿਰ ਚੋਣਾਂ ਰੱਦ ਕਰਦੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਡਰਪੋਕ ਭਾਜਪਾ ਇੰਡੀਆ ਗਠਜੋੜ ਤੋਂ ਡਰੀ ਹੋਈ ਹੈ।
ਉਨ੍ਹਾਂ (Raghav Chadha) ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮੁੜ ਅਪੀਲ ਕੀਤੀ ਹੈ ਕਿ ਨਿਰਪੱਖ ਚੋਣਾਂ ਕਰਵਾਈਆਂ ਜਾਣ ਅਤੇ ਅੱਜ ਹੀ ਦੂਜਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਜਾਵੇ, ਜੋ ਚੋਣ ਦੀ ਕਾਰਵਾਈ ਪੂਰੀ ਕਰੇ।
ਚੰਡੀਗੜ੍ਹ ਮੇਅਰ ਚੋਣਾਂ ‘ਤੇ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਭਾਜਪਾ ਨੇ ਮੇਅਰ ਚੋਣਾਂ ਨੂੰ ਟਾਲਣ ਦੇ ਇਰਾਦੇ ਨਾਲ ਪ੍ਰੀਜ਼ਾਈਡਿੰਗ ਅਫਸਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਭਾਜਪਾ ਨੇ ਪੂਰੀ ਤਰ੍ਹਾਂ ਲੋਕਤੰਤਰ ਨੂੰ ਢਾਹ ਲਾਈ ਹੈ |