ਚੰਡੀਗੜ੍ਹ, 17 ਜਨਵਰੀ 2024: ਚੰਡੀਗੜ੍ਹ (Chandigarh)ਮੇਅਰ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਕਰ ਲਿਆ ਹੈ। ਆਮ ਆਦਮੀ ਪਾਰਟੀ ਨੂੰ ਮੇਅਰ ਦਾ ਅਹੁਦਾ ਮਿਲਿਆ ਹੈ। ਇਸ ਕਾਰਨ ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਬੰਟੀ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਮੰਗਲਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਸਮੇਂ ਨਗਰ ਨਿਗਮ ਦਫ਼ਤਰ ਵਿੱਚ ਕਾਫੀ ਹੰਗਾਮਾ ਹੋਇਆ।
ਕਾਂਗਰਸ ਦਾ ਦੋਸ਼ ਹੈ ਕਿ ਪੁਲਿਸ ਨੇ ਭਾਜਪਾ ਨਾਲ ਮਿਲ ਕੇ ਕੌਂਸਲਰ ਜਸਵੀਰ ਸਿੰਘ ਬੰਟੀ ਨੂੰ ਨਜ਼ਰਬੰਦ ਕਰ ਦਿੱਤਾ। ਕਾਂਗਰਸ ਪ੍ਰਧਾਨ ਲੱਕੀ ਨੇ ਇਸ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਬੰਟੀ ਨੂੰ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ |
ਗੌਰਤਲਬ ਹੈ ਕਿ ਬੀਤੇ ਦਿਨੀ ਚੰਡੀਗੜ੍ਹ (Chandigarh) ਪੁਲਿਸ ਨੇ ਜਸਵੀਰ ਸਿੰਘ ਬੰਟੀ ਨੂੰ ਨਗਰ ਨਿਗਮ ਦਫ਼ਤਰ ਤੋਂ ਸਿੱਧਾ ਉਸ ਦੇ ਘਰ ਭੇਜ ਦਿੱਤਾ ਸੀ। ਦੇਰ ਰਾਤ ਜਦੋਂ ਕਾਂਗਰਸੀ ਆਗੂ ਪਵਨ ਬਾਂਸਲ ਉਨ੍ਹਾਂ ਨੂੰ ਮਿਲਣ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਜਸਵੀਰ ਸਿੰਘ ਬੰਟੀ ਨਾਲ ਮਿਲਣ ਨਹੀਂ ਦਿੱਤਾ। ਇਸ ਤੋਂ ਬਾਅਦ ਕਾਂਗਰਸੀ ਆਗੂ ਉਥੇ ਇਕੱਠੇ ਹੋ ਗਏ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਰ ਰਾਤ ਅਦਾਲਤ ਵਿੱਚ ਇਸ ਦੀ ਸੁਣਵਾਈ ਹੋਈ ਅਤੇ ਅੱਜ ਸ਼ਾਮ 5 ਵਜੇ ਤੱਕ ਚੰਡੀਗੜ੍ਹ ਪੁਲਿਸ ਤੋਂ ਜਵਾਬ ਮੰਗਿਆ ਗਿਆ ਹੈ। ਅੱਜ ਕੋਰਟ ਵਿੱਚ ਛੁੱਟੀ ਹੋਣ ਦੇ ਬਾਅਦ ਵੀ ਜਸਟਿਸ ਆਲੋਕ ਜੈਨ ਸ਼ਾਮ 5 ਵਜੇ ਇਸ ਮਾਮਲੇ ਦੀ ਸੁਣਵਾਈ ਕਰਨਗੇ। ਜਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ 18 ਜਨਵਰੀ ਨੂੰ ਮੇਅਰ ਚੋਣਾਂ ਹੋਣੀਆਂ ਹਨ।