ਨਕਲੀ ਪਨੀਰ

ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਸੈਕਟਰ-26 ‘ਚ ਛਾਪੇਮਾਰੀ, 450 ਕਿੱਲੋ ਨਕਲੀ ਪਨੀਰ ਜ਼ਬਤ

ਚੰਡੀਗੜ੍ਹ, 19 ਜੂਨ 2025: ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ (Chandigarh Health Department) ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪਨੀਰ ਵੇਚਣ ਵਾਲੇ ਦੇ ਸਥਾਨ ‘ਤੇ ਅਚਾਨਕ ਛਾਪਾ ਮਾਰਿਆ ਹੈ | ਮੁੱਖ ਸਕੱਤਰ ਅਤੇ ਸਿਹਤ ਸਕੱਤਰ-ਕਮ-ਕਮਿਸ਼ਨਰ ਫੂਡ ਸੇਫਟੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਸੈਕਟਰ-26 ਦੇ ਬਾਪੂ ਧਾਮ ਕਲੋਨੀ ‘ਚ ਇੱਕ ਪਨੀਰ ਵੇਚਣ ਵਾਲੇ ਦੇ ਸਥਾਨ ‘ਤੇ ਸਵੇਰੇ 7:00 ਵਜੇ ਅਚਾਨਕ ਛਾਪੇਮਾਰੀ ਕੀਤੀ | ਇਸ ਦੌਰਾਨ ਲਗਭਗ 450 ਕਿੱਲੋ ਨਕਲੀ ਪਨੀਰ ਜ਼ਬਤ ਕੀਤਾ ਗਿਆ ਹੈ।

ਫੂਡ ਸੇਫਟੀ ਅਫਸਰ ਦੀ ਟੀਮ (Chandigarh Health Department) ਨੇ ਇਹ ਪਨੀਰ ਇੱਕ ਦੁਕਾਨ (ਮਕਾਨ ਨੰਬਰ 714/2) ਅਤੇ ਇਸਦੇ ਬਾਹਰ ਖੜੀ ਇੱਕ ਪਿਕਅੱਪ ਗੱਡੀ ਤੋਂ ਬਰਾਮਦ ਕੀਤਾ। ਜ਼ਬਤ ਕੀਤੇ ਪਨੀਰ ਦੇ ਨਮੂਨੇ ਤੁਰੰਤ ਜਾਂਚ ਲਈ ਪ੍ਰਯੋਗਸ਼ਾਲਾ ‘ਚ ਭੇਜੇ ਗਏ, ਜਿੱਥੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ “ਅਸੁਰੱਖਿਅਤ ਅਤੇ ਘਟੀਆ ਗੁਣਵੱਤਾ ਵਾਲਾ” ਘੋਸ਼ਿਤ ਕੀਤਾ ਗਿਆ।

ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਫ਼ੂਡ ਸੇਫਟੀ ਵਿਭਾਗ ਨੇ ਨਗਰ ਨਿਗਮ ਦੇ ਕੂੜਾ ਨਿਪਟਾਰੇ ਪਲਾਂਟ ‘ਚ ਜ਼ਬਤ ਕੀਤੇ ਗਏ ਸਾਰੇ 450 ਕਿਲੋ ਪਨੀਰ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ। ਵਿਭਾਗ ਨੇ ਨਾਗਰਿਕਾਂ ਦੀ ਸਿਹਤ ਅਤੇ ਭੋਜਨ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਕਦਮ ਚੁੱਕਿਆ।

ਫੂਡ ਸੇਫਟੀ ਵਿਭਾਗ ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ, ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਫੂਡ ਵਿਕਰੇਤਾਵਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਡੇਅਰੀ ਉਤਪਾਦ, ਖਾਸ ਕਰਕੇ ਪਨੀਰ, ਸਿਰਫ਼ ਪ੍ਰਮਾਣਿਕ ​​ਸਰੋਤਾਂ ਤੋਂ ਹੀ ਖਰੀਦਣ। ਜੇਕਰ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਮਿਲਾਵਟ ਪਾਈ ਜਾਂਦੀ ਹੈ, ਤਾਂ ਸਬੰਧਤ ਕਾਰੋਬਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read More: Ludhiana: ਸਿਹਤ ਵਿਭਾਗ ਨੇ ਲੁਧਿਆਣਾ ‘ਚ ਡੇਅਰੀ ‘ਤੇ ਮਾਰਿਆ ਛਾਪਾ

Scroll to Top