ਚੰਡੀਗੜ੍ਹ, 11 ਅਗਸਤ 2025: ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਵੱਲੋਂ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਸਹਿਯੋਗ ਨਾਲ ਚੰਡੀਗੜ੍ਹ ਸੂਬਾ ਗੱਤਕਾ ਚੋਣ ਟ੍ਰਾਇਲ10 ਅਗਸਤ 2025 ਨੂੰ ਗੁਰਦੁਆਰਾ ਸਾਹਿਬ, ਸੈਕਟਰ 22-ਡੀ, ਚੰਡੀਗੜ੍ਹ ‘ਚ ਕਰਵਾਏ ਗਏ। ਇਹ ਟ੍ਰਾਇਲਜ਼ ਤੀਜੇ ਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਚੈਂਪਿਅਨਸ਼ਿਪ 2025 ਲਈ ਕੀਤੇ ਗਏ, ਜੋ ਕਿ ਮਿਰੀ ਪਿਰੀ ਸੇਵਾ ਸੋਸਾਇਟੀ ਵੱਲੋਂ ਗੁਰਦੁਆਰਾ ਗਰਨਾ ਸਾਹਿਬ, ਬੋਦਲ, ਦਸੂਆ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ‘ਚ 13 ਅਤੇ 14 ਸਤੰਬਰ 2025 ਨੂੰ ਹੋਣ ਜਾ ਰਹੀ ਹੈ।
ਟ੍ਰਾਇਲਜ਼ ‘ਚ ਕੁੱਲ 100 ਭਾਗੀਦਾਰਾਂ ਨੇ ਹਿੱਸਾ ਲਿਆ। ਸੀ.ਜੀ.ਏ. ਦੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਚਾਰ ਮੁੱਖ ਮਾਪਦੰਡਾਂ ‘ਤੇ ਅਧਾਰਤ ਸੀ:
ਫਿਟਨੈੱਸ – 25 ਅੰਕ
ਸਿੱਖੀ ਸਰੂਪ – 25 ਅੰਕ
ਗੱਤਕਾ ਹੁਨਰ – 25 ਅੰਕ
ਜਪੁਜੀ ਸਾਹਿਬ ਬਾਣੀ ਦਾ ਪਾਠ – 25 ਅੰਕ
ਖਿਡਾਰੀਆਂ ਦੀ ਚੋਣ ਪੂਰੀ ਤਰ੍ਹਾਂ ਮੇਰਿਟ ਅਧਾਰਿਤ ਕੀਤੀ ਜਾਵੇਗੀ ਅਤੇ ਨਤੀਜੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੀ ਅਧਿਕਾਰਕ ਵੈੱਬਸਾਈਟ www.chandigarhgatkaassociation.com ‘ਤੇ ਜਾਰੀ ਕੀਤੇ ਜਾਣਗੇ।
ਟ੍ਰਾਇਲਜ਼ ਦਾ ਉਦਘਾਟਨ ਸਮਾਗਮ ਗੁਰਜੋਤ ਸਿੰਘ ਸਾਹਨੀ ਵੱਲੋਂ ਕੀਤਾ ਗਿਆ, ਜੋ ਕਿ ਸੀ.ਜੀ.ਏ. ਦੇ ਚੇਅਰਮੈਨ ਅਤੇ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਸੱਚਿਵ ਹਨ। ਸ. ਗੁਰਜੋਤ ਸਿੰਘ ਸਾਹਨੀ ਨੇ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ। ਉਨ੍ਹਾ ਦੱਸਿਆ ਕਿ ਸਾਰੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਅਤੇ ਖਾਸ ਲੰਗਰ ਦਾ ਪ੍ਰਬੰਧ ਵੀ ਕਿਤਾ ਗਿਆ।
ਚੋਣ ਕਮੇਟੀ ‘ਚ ਮਨਿੰਦਰ ਸਿੰਘ, ਮਨਦੀਪ ਸਿੰਘ, ਕਰਨੈਲ ਸਿੰਘ, ਚਰਨਜੀਤ ਕੌਰ, ਦਵਿੰਦਰ ਸਿੰਘ, ਹੁਸਨਪ੍ਰੀਤ ਕੌਰ, ਸ਼ਹਬਾਜ਼ ਸਿੰਘ, ਸ਼ਮਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਮੈਂਬਰ ਸ਼ਾਮਲ ਸਨ | ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਨੇ ਸਾਰੇ ਭਾਗੀਦਾਰਾਂ, ਆਯੋਜਕਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਟ੍ਰਾਇਲਜ਼ ਸਫਲਤਾਪੂਰਵਕ ਸਮਾਪਤ ਹੋਏ।
Read More: ਇੰਟਰਨੈਸ਼ਨਲ ਫੈਸਟੀਵਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਦਿਖਾਏ ਜੌਹਰ