Turkish Airlines

ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਤੁਰਕੀ ਏਅਰਲਾਈਨਜ਼ ‘ਤੇ ਲਾਇਆ 10,000 ਰੁਪਏ ਦਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ, 24 ਮਾਰਚ 2024: ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ, ਚੰਡੀਗੜ੍ਹ ਨੇ ਤੁਰਕੀ ਏਅਰਲਾਈਨਜ਼ (Turkish Airlines) ਨੂੰ ਏਅਰਲਾਈਨ ਕੰਪਨੀ ਵੱਲੋਂ ਉਡਾਣ ਰੱਦ ਕਰਨ ਕਾਰਨ ਟਿਕਟ ਦੀ ਪੂਰੀ ਰਕਮ ਵਾਪਸ ਨਾ ਕਰਨ ‘ਤੇ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਹ ਉਡਾਣ ਕੋਰੋਨਾ ਦੇ ਦੌਰ ਦੌਰਾਨ ਲੌਕਡਾਊਨ ਦੌਰਾਨ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਟਿਕਟ ਦੀ ਬਕਾਇਆ ਰਾਸ਼ੀ ਦੇ 2,315 ਰੁਪਏ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

ਤੁਰਕੀ ਏਅਰਲਾਈਨਜ਼ (Turkish Airlines) ਖ਼ਿਲਾਫ਼ ਸ਼ਿਕਾਇਤ ਸੈਕਟਰ-50ਬੀ ਦੀ ਰਹਿਣ ਵਾਲੀ ਐਨੀ ਗੁਪਤਾ ਵੱਲੋਂ ਕਮਿਸ਼ਨ ਨੂੰ ਦਿੱਤੀ ਗਈ ਸੀ। ਇਸ ਵਿੱਚ ਉਸਨੇ ਦੱਸਿਆ ਕਿ ਉਸਨੇ ਫਰਵਰੀ 2020 ਵਿੱਚ ਆਪਣੇ ਪਤੀ, ਧੀ, ਭਰਜਾਈ ਅਤੇ ਆਪਣੇ ਆਪ ਲਈ ਦਿੱਲੀ ਤੋਂ ਐਂਥਸ (ਗ੍ਰੀਸ) ਜਾਣ ਲਈ ਗੋ-ਆਈਬੀਬੋ ਰਾਹੀਂ ਤੁਰਕੀ ਏਅਰਲਾਈਨਜ਼ ਦੀ ਫਲਾਈਟ ਬੁੱਕ ਕੀਤੀ ਸੀ।

ਸ਼ਿਕਾਇਤਕਰਤਾ ਨੇ 18 ਜੂਨ 2020 ਨੂੰ ਰਵਾਨਗੀ ਅਤੇ 26 ਜੂਨ 2020 ਨੂੰ ਵਾਪਸੀ ਦੀ ਟਿਕਟ ਬੁੱਕ ਕੀਤੀ। ਇਸ ਦੇ ਲਈ ਉਸਨੇ ਕੁੱਲ 1,40,466 ਰੁਪਏ ਅਦਾ ਕੀਤੇ। ਸ਼ਿਕਾਇਤਕਰਤਾ ਨੇ ਨਵੰਬਰ 2020 ਵਿੱਚ ਆਪਣੇ ਪਰਿਵਾਰ ਨਾਲ ਗ੍ਰੀਸ ਜਾਣ ਦੀ ਯੋਜਨਾ ਬਣਾਈ ਸੀ। ਪਰ, ਯੂਨਾਨ ਸਰਕਾਰ ਨੇ ਭਾਰਤੀ ਨਾਗਰਿਕਾਂ ਦੇ ਗ੍ਰੀਸ ਆਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ‘ਤੇ ਐਨੀ ਗੁਪਤਾ ਨੇ ਤੁਰਕੀ ਏਅਰਲਾਈਨਜ਼ ਨੂੰ ਉਸ ਦੀ ਟਿਕਟ ਦੀ ਰਕਮ ਵਾਪਸ ਕਰਨ ਦੀ ਬੇਨਤੀ ਕੀਤੀ।

ਏਅਰਲਾਈਨ ਨੇ ਕੁੱਲ ਟਿਕਟ ਦੀ ਰਕਮ ਵਿੱਚੋਂ 2,315 ਰੁਪਏ ਦਾ ਟਿਕਟ ਕੈਂਸਲੇਸ਼ਨ ਚਾਰਜ ਕੱਟ ਕੇ ਸ਼ਿਕਾਇਤਕਰਤਾ ਨੂੰ ਸਿਰਫ਼ 1,38,151 ਰੁਪਏ ਵਾਪਸ ਕੀਤੇ। ਸ਼ਿਕਾਇਤਕਰਤਾ ਨੇ ਕਈ ਵਾਰ ਬਾਕੀ ਰਕਮ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਏਅਰਲਾਈਨਜ਼ ਨੇ ਉਸ ਦੀ ਗੱਲ ਨਹੀਂ ਸੁਣੀ। ਹੁਣ ਕਮਿਸ਼ਨ ਨੇ ਇਹ ਬਕਾਇਆ ਰਕਮ ਜੁਰਮਾਨੇ ਸਮੇਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ।

Scroll to Top