ਚੰਡੀਗੜ੍ਹ, 02 ਅਗਸਤ 2023: ਚੰਡੀਗੜ੍ਹ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ (Aam Aadmi Party) ਨੂੰ ਸ਼ਹਿਰ ਵਿਚ ਪਾਰਟੀ ਦਾ ਦਫਤਰ ਖੋਲ੍ਹਣ ਲਈ ਪਲਾਟ ਅਲਾਟ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੋ ਵਾਰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਆਮ ਆਦਮੀ ਪਾਰਟੀ ਨੂੰ ਦਫ਼ਤਰ ਖੋਲ੍ਹਣ ਲਈ ਚੰਡੀਗੜ੍ਹ ਵਿੱਚ ਜ਼ਮੀਨ ਮੁਹੱਈਆ ਕਰਵਾਈ ਜਾਵੇ। ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਮੰਗ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਖਾਰਜ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿੱਚ ਦਫ਼ਤਰ ਬਣਾਉਣ ਲਈ ਸਿਆਸੀ ਪਾਰਟੀਆਂ ਲਈ ਕੁੱਝ ਸ਼ਰਤਾਂ ਹੁੰਦੀਆਂ ਹਨ। ਜਿਹਨਾਂ ਨੂੰ ਆਮ ਆਦਮੀ ਪਾਰਟੀ ਪੂਰਾ ਨਹੀਂ ਕਰ ਸਕੀ। ਹਲਾਂਕਿ ਆਮ ਆਦਮੀ ਪਾਰਟੀ ਇੱਕ ਸ਼ਰਤ ਨੂੰ ਪੂਰਾ ਕਰ ਚੁੱਕੀ ਸੀ ਪਰ ਦੂਜੀ ਨਹੀਂ ਹੋਈ। ਇਨ੍ਹਾਂ ਵਿੱਚ ਪਹਿਲੀ ਇਹ ਹੈ ਕਿ ਕੋਈ ਵੀ ਸਿਆਸੀ ਪਾਰਟੀ ਕੌਮੀ ਪਾਰਟੀ ਹੋਣੀ ਚਾਹੀਦੀ ਹੈ। ਜਿਸ ‘ਤੇ ਆਮ ਆਦਮੀ ਪਾਰਟੀ ਸਟੈਂਡ ਕਰਦੀ ਹੈ। ਗੁਜਰਾਤ ਵਿੱਚ ਵਿਧਾਇਕ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਨੇ ਕੌਮੀ ਪਾਰਟੀ ਘੋਸ਼ਿਤ ਕਰ ਦਿੱਤਾ ਸੀ।
ਇਸਦੇ ਨਾਲ ਹੀ ਦੂਜੀ ਸ਼ਰਤ ਇਹ ਹੈ ਕਿ ਜੇਕਰ ਉਸ ਪਾਰਟੀ (Aam Aadmi Party) ਦਾ 20 ਸਾਲਾਂ ਤੋਂ ਸੰਸਦ ਮੈਂਬਰ ਚੰਡੀਗੜ੍ਹ ਤੋਂ ਹੋਵੇ। ਆਮ ਆਦਮੀ ਪਾਰਟੀ ਇਹ ਸ਼ਰਤ ਪੂਰੀ ਨਹੀਂ ਕਰ ਸਕੀ। ਕਿਉਂਕਿ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦਾ ਕੋਈ ਸੰਸਦ ਮੈਂਬਰ (MP) ਨਹੀਂ ਹੈ। ਮੌਜੂਦਾ ਸਮੇਂ ਚੰਡੀਗੜ੍ਹ ਤੋਂ BJP ਦੀ ਸੰਸਦ ਮੈਂਬਰ ਕਿਰਨ ਖੇਰ ਹੈ।