ਚੰਡੀਗੜ੍ਹ , 09 ਮਈ 2025: ਮੌਜੂਦਾ ਸਥਿਤੀ ਨੂੰ ਦੇਖਦਿਆਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਅਲਰਟ ਮੋਡ ‘ਤੇ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸੰਭਾਵੀ ਖ਼ਤਰੇ ਨੂੰ ਕੰਟਰੋਲ ਕਰਨ ਅਤੇ ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਦੋ ਆਦੇਸ਼ ਜਾਰੀ ਕੀਤੇ ਹਨ। ਡੀਸੀ ਵੱਲੋਂ ਜਾਰੀ ਪਹਿਲੇ ਹੁਕਮ ਮੁਤਾਬਕ 9 ਮਈ ਤੋਂ 7 ਜੁਲਾਈ ਤੱਕ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ, ਬੰ.ਬ ਜਾਂ ਆਤਿਸ਼ਬਾਜ਼ੀ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ 12ਵੀਂ ਜਮਾਤ ਤੱਕ ਦੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ। ਬਾਜ਼ਾਰ ਵਾਲਾ ਇਲਾਕਾ ਸ਼ਾਮ 7 ਵਜੇ ਤੋਂ ਬਾਅਦ ਬੰਦ ਰਹੇਗਾ। ਬਾਜ਼ਾਰ ਬੰਦ ਕਰਨ ਦਾ ਇਹ ਹੁਕਮ ਸਿਰਫ਼ ਅੱਜ ਲਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲਾਏ|
ਇਹ ਪਾਬੰਦੀ ਵਿਆਹਾਂ, ਧਾਰਮਿਕ ਸਮਾਗਮਾਂ ਅਤੇ ਕਿਸੇ ਵੀ ਤਰ੍ਹਾਂ ਦੇ ਜਸ਼ਨਾਂ ‘ਤੇ ਵੀ ਲਾਗੂ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਤਿਸ਼ਬਾਜ਼ੀ ਦੀ ਆਵਾਜ਼ ਆਮ ਲੋਕਾਂ ‘ਚ ਦਹਿਸ਼ਤ ਪੈਦਾ ਕਰ ਸਕਦੀ ਹੈ ਅਤੇ ਡਰੋਨ ਜਾਂ ਬੰ.ਬ ਹਮਲੇ ਦੇ ਡਰ ਦੀ ਸਥਿਤੀ ਪੈਦਾ ਕਰ ਸਕਦੀ ਹੈ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ।
ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਦੇ ਹੁਕਮਾਂ ਮੁਤਾਬਕ ਸਾਰੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਰੈਸਟੋਰੈਂਟ, ਕਲੱਬ ਅਤੇ ਦੁਕਾਨਾਂ 9 ਮਈ ਨੂੰ ਸ਼ਾਮ 7 ਵਜੇ ਤੋਂ 10 ਮਈ ਨੂੰ ਸਵੇਰੇ 6 ਵਜੇ ਤੱਕ ਬੰਦ ਰਹਿਣਗੀਆਂ। ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ।
ਇਸ ਦੇ ਨਾਲ ਹੀ, ਸਰਕਾਰੀ ਅਤੇ ਨਿੱਜੀ ਇਮਾਰਤਾਂ, ਬੈਂਕਾਂ, ਏਟੀਐਮ, ਖੇਡ ਕੰਪਲੈਕਸਾਂ, ਹੋਟਲਾਂ, ਰੈਸਟੋਰੈਂਟਾਂ, ਧਾਰਮਿਕ ਸਥਾਨਾਂ, ਬਾਜ਼ਾਰਾਂ ਦੀਆਂ ਦੁਕਾਨਾਂ, ਪਾਰਕਾਂ, ਇਸ਼ਤਿਹਾਰੀ ਬੋਰਡਾਂ, ਪੈਟਰੋਲ ਪੰਪਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਆਦਿ ਦੇ ਮਾਲਕਾਂ, ਦੇਖਭਾਲ ਕਰਨ ਵਾਲਿਆਂ, ਲਾਇਸੈਂਸ ਧਾਰਕਾਂ ਅਤੇ ਸਾਰੇ ਸਬੰਧਤ ਅਧਿਕਾਰੀਆਂ ਨੂੰ 9 ਮਈ ਨੂੰ ਸ਼ਾਮ 7 ਵਜੇ ਤੋਂ ਆਪੋ-ਆਪਣੇ ਸਥਾਨਾਂ ਦੀਆਂ ਬਾਹਰੀ ਲਾਈਟਾਂ, ਡਿਸਪਲੇ ਬੋਰਡਾਂ ਅਤੇ ਸਟਰੀਟ ਲਾਈਟਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇੱਕ ਹੋਰ ਹੁਕਮ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਨਾਜ, ਬਾਲਣ (ਪੈਟਰੋਲ, ਡੀਜ਼ਲ), ਦਵਾਈਆਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ‘ਤੇ ਸਖ਼ਤ ਪਾਬੰਦੀ ਲਗਾਈ ਹੈ।
ਪ੍ਰਸ਼ਾਸਨ ਨੇ ਸਾਰੇ ਥੋਕ ਅਤੇ ਪ੍ਰਚੂਨ ਵਪਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਸਟਾਕ ਬਾਰੇ ਜਾਣਕਾਰੀ ਤਿੰਨ ਦਿਨਾਂ ਦੇ ਅੰਦਰ ਚੰਡੀਗੜ੍ਹ ਪ੍ਰਸ਼ਾਸਨ ਦੇ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਦੇਣ। ਕੋਈ ਵੀ ਨਾਗਰਿਕ ਜਮ੍ਹਾਂਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ਵਿੱਚ ਹੇਰਾਫੇਰੀ ਬਾਰੇ ਸ਼ਿਕਾਇਤ ਚੰਡੀਗੜ੍ਹ ਪ੍ਰਸ਼ਾਸਨ ਦੇ ਖੁਰਾਕ ਅਤੇ ਸਪਲਾਈ, ਖਪਤਕਾਰ ਮਾਮਲੇ ਅਤੇ ਕਾਨੂੰਨੀ ਮੈਟਰੋਲੋਜੀ ਵਿਭਾਗ, ਸੈਕਟਰ-17, ਚੰਡੀਗੜ੍ਹ ਨੂੰ 0172-2703956 ਨੰਬਰ ‘ਤੇ ਕਰ ਸਕਦਾ ਹੈ।
Read More: ਪੰਜਾਬ ਯੂਨੀਵਰਸਿਟੀ ‘ਚ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ