ਚੰਡੀਗੜ੍ਹ, 15 ਨਵੰਬਰ 2024: ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ (Champions Trophy) ਸੁਰਖੀਆਂ ‘ਚ ਹੈ | ਜਿੱਥੇ ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ | ਉੱਥੇ ਹੀ ਪਾਕਿਸਤਾਨ ਇਸ ਫੈਸਲੇ ਤੋਂ ਖਫ਼ਾ ਹੈ | ਇਸਦੇ ਨਾਲ ਹੀ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹੰਗਾਮਾ ਰੁਕਣ ਦਾ ਕੋਈ ਸੰਕੇਤ ਨਹੀਂ ਦਿੱਖ ਰਹੇ । ਇਹ ਟੂਰਨਾਮੈਂਟ ਪਾਕਿਸਤਾਨ ‘ਚ ਕਰਵਾਇਆ ਜਾਣਾ ਹੈ ਪਰ ਬੀਸੀਸੀਆਈ ਨੇ ਆਪਣੀ ਟੀਮ ਨੂੰ ਗੁਆਂਢੀ ਦੇਸ਼ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਨਾਰਾਜ਼ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਟਰਾਫੀ ਦੀ ਯਾਤਰਾ ਲਈ ਪੀਓਕੇ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਦੇ ਤਿੰਨ ਖੇਤਰਾਂ ਨੂੰ ਚੁਣਿਆ ਸੀ । ਹੁਣ ਆਈਸੀਸੀ ਨੇ ਟਰਾਫੀ ਨੂੰ ਪੀਓਕੇ ਦੀ ਯਾਤਰਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਯਾਤਰਾ 16 ਨਵੰਬਰ ਤੋਂ ਸ਼ੁਰੂ ਹੋਣੀ ਸੀ, ਆਈਸੀਸੀ ਨੇ ਪੀਓਕੇ ‘ਚ ਟਰਾਫੀ (Champions Trophy) ਦੇ ਦੌਰੇ ‘ਤੇ ਪਾਬੰਦੀ ਲਗਾ ਦਿੱਤੀ ਹੈ।
ਸਪੋਰਟਸ ਟਾਕ ਦੀ ਰਿਪੋਰਟ ਮੁਤਾਬਕ ਆਈਸੀਸੀ ਨੇ ਕਿਹਾ ਹੈ ਕਿ ਪੀਓਕੇ ਪਾਕਿਸਤਾਨ ਦਾ ਅਨਿੱਖੜਵਾਂ ਅੰਗ ਨਹੀਂ ਹੈ। ਪੀਓਕੇ ਬਾਰੇ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਨੇ ਇਸ ਬਾਰੇ ਆਈਸੀਸੀ ਨੂੰ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਹੀ ਆਈਸੀਸੀ ਨੇ ਕਾਰਵਾਈ ਕੀਤੀ ਹੈ।
ਪੀਸੀਬੀ ਨੇ ਇਕ ਬਿਆਨ ‘ਚ ਕਿਹਾ ਹੈ ਕਿ ਟਰਾਫੀ ਦਾ ਸਫਰ ਸਕਾਰਦੂ, ਮਾਰੀ, ਹੁੰਜ਼ਾ ਅਤੇ ਮੁਜ਼ੱਫਰਾਬਾਦ ਤੋਂ ਹੁੰਦਾ ਹੋਇਆ ਹੋਵੇਗਾ। ਮੈਰੀ ਤੋਂ ਇਲਾਵਾ ਬਾਕੀ ਤਿੰਨ ਥਾਵਾਂ ਮਕਬੂਜ਼ਾ ਕਸ਼ਮੀਰ ਦਾ ਹਿੱਸਾ ਹਨ।