ਚਮੋਲੀ, 31 ਦਸੰਬਰ 2025: Chamoli tunnel News: ਚਮੋਲੀ ‘ਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ।ਮੰਗਲਵਾਰ ਰਾਤ 9 ਵਜੇ ਦੇ ਕਰੀਬ ਚਮੋਲੀ ਜ਼ਿਲ੍ਹੇ ਦੇ ਪਿੱਪਲਕੋਟੀ ‘ਚ THDC ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ‘ਚ ਇੱਕ ਸੁਰੰਗ ਦੇ ਅੰਦਰ ਦੋ ਲੋਕੋਮੋਟਿਵ ਰੇਲਗੱਡੀਆਂ ਟਕਰਾ ਗਈਆਂ, ਜਿਸ ਕਾਰਨ 70 ਮਜ਼ਦੂਰ ਜ਼ਖਮੀ ਹੋ ਗਏ ਅਤੇ ਇਨ੍ਹਾਂ ‘ਚੋਂ 5 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਾਦਸੇ ਦੇ ਸਮੇਂ ਲਗਭੱਗ 110 ਇੰਜੀਨੀਅਰ, ਕਰਮਚਾਰੀ ਅਤੇ ਵਰਕਰ ਟਰਾਲੀ ‘ਚ ਯਾਤਰਾ ਕਰ ਰਹੇ ਸਨ, ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ‘ਚੋਂ 70 ਨੂੰ ਗੋਪੇਸ਼ਵਰ ਦੇ ਜ਼ਿਲ੍ਹਾ ਹਸਪਤਾਲ ਅਤੇ 17 ਨੂੰ ਪਿੱਪਲਕੋਟੀ ਦੇ ਵਿਵੇਕਾਨੰਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਕੁਝ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸਦੇ ਨਾਲ ਹੀ 21 ਮਜ਼ਦੂਰ ਠੀਕ ਰਹੇ ਅਤੇ ਮੌਕੇ ਤੋਂ ਘਰ ਚਲੇ ਗਏ।
ਜ਼ਖਮੀ ਹੋਏ ਜ਼ਿਆਦਾਤਰ ਮਜ਼ਦੂਰ ਬਿਹਾਰ, ਉੜੀਸਾ ਅਤੇ ਝਾਰਖੰਡ ਦੇ ਹਨ। ਘਟਨਾ ਤੋਂ ਬਾਅਦ, ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਹੋਰ ਮਜ਼ਦੂਰਾਂ ਦੀ ਮੱਦਦ ਨਾਲ, ਸਾਰੇ ਜ਼ਖਮੀਆਂ ਨੂੰ ਬਚਾਇਆ ਅਤੇ ਹਸਪਤਾਲ ਲਿਜਾਇਆ ਗਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਸਾਰੀ ਘਟਨਾ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਜ਼ਖਮੀਆਂ ਨੂੰ ਸਭ ਤੋਂ ਵਧੀਆ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਉੱਚ ਹਸਪਤਾਲਾਂ ‘ਚ ਰੈਫਰ ਕੀਤਾ ਜਾਵੇ।
ਮੌਕੇ ‘ਤੇ ਪਹੁੰਚੇ ਜ਼ਿਲ੍ਹਾ ਮੈਜਿਸਟ੍ਰੇਟ ਸੌਰਭ ਕੁਮਾਰ ਦੇ ਮੁਤਾਬਕ ਇਹ ਹਾਦਸਾ ਸ਼ਿਫਟ ਬਦਲਣ ਦੌਰਾਨ ਹੋਇਆ। ਗੰਭੀਰ ਜ਼ਖਮੀਆਂ ਦੇ ਹੱਥਾਂ ਅਤੇ ਲੱਤਾਂ ‘ਚ ਫ੍ਰੈਕਚਰ ਹੋ ਗਿਆ। ਇਸ ਘਟਨਾ ਦਾ ਭਾਰਤੀ ਰੇਲਵੇ ਨਾਲ ਕੋਈ ਸਬੰਧ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸਾਮਾਨ ਲੈ ਕੇ ਜਾਣ ਵਾਲੀ ਇੱਕ ਟਰਾਲੀ ਸੁਰੰਗ ‘ਚ ਦਾਖਲ ਹੋ ਰਹੀ ਸੀ ਜਦੋਂ ਇਸ ਦੇ ਬ੍ਰੇਕ ਫੇਲ੍ਹ ਹੋ ਗਏ ਅਤੇ ਇਹ ਦੂਜੀ ਟਰਾਲੀ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵੇਂ ਟਰਾਲੀਆਂ ਪਲਟ ਗਈਆਂ।
Read More: ਰੁਦਰਪ੍ਰਯਾਗ ਤੇ ਚਮੋਲੀ ਸਮੇਤ ਤਿੰਨ ਥਾਵਾਂ ‘ਤੇ ਫਟੇ ਬੱਦਲ, ਕਈਂ ਜਣੇ ‘ਚ ਲਾਪਤਾ




