ਦੇਹਰਾਦੂਨ 25 ਅਪ੍ਰੈਲ 2024: ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਵੀਰਵਾਰ ਨੂੰ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸੱਦਾ ਦਿੱਤਾ। ਉਨ੍ਹਾਂ ਰਾਜਪਾਲ ਨੂੰ 22 ਮਈ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਾਲੇ ਪਹਿਲੇ ਜੱਥਾ ਨੂੰ ਰਵਾਨਾ ਕਰਨ ਦਾ ਸੱਦਾ ਵੀ ਦਿੱਤਾ |
ਰਾਜਪਾਲ ਨੇ ਬਿੰਦਰਾ ਤੋਂ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਯਾਤਰਾ ਦੀਆਂ ਤਿਆਰੀਆਂ ਅਤੇ ਯਾਤਰਾ ਦੇ ਰੂਟਾਂ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਰਾਜਪਾਲ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਯਾਤਰਾ ਦੇ ਰੂਟਾਂ ‘ਤੇ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣ ਤਾਂ ਜੋ ਸ਼ਰਧਾਲੂਆਂ ਦੀ ਯਾਤਰਾ ਨਿਰਵਿਘਨ ਅਤੇ ਸੁਰੱਖਿਅਤ ਰਹੇ।
ਇਸ ਦੌਰਾਨ ਬਿੰਦਰਾ ਨੇ ਦੱਸਿਆ ਕਿ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਯਾਤਰਾ ਦੇ ਰੂਟਾਂ ‘ਤੇ ਫੁੱਟਪਾਥਾਂ ਨੂੰ ਚੌੜਾ ਅਤੇ ਬਰਫ਼ ਹਟਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਭਾਰਤੀ ਫੌਜ ਵੱਲੋਂ ਬਰਫ ਹਟਾ ਕੇ ਇਸ ਰਸਤੇ ਨੂੰ ਯਾਤਰੀਆਂ ਲਈ ਪਹੁੰਚਯੋਗ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ 5 ਹਜ਼ਾਰ ਸ਼ਰਧਾਲੂਆਂ ਦੀ ਰਿਹਾਇਸ਼ ਲਈ ਆਧੁਨਿਕ ਧਰਮਸ਼ਾਲਾ ਅਤੇ ਮੁੱਢਲੇ ਡਾਕਟਰੀ ਇਲਾਜ ਲਈ ਹਸਪਤਾਲ ਦਾ ਨਿਰਮਾਣ ਰਤੁਰਾ ਵਿੱਚ ਕੀਤਾ ਜਾ ਰਿਹਾ ਹੈ ਜੋ ਕਿ ਹੇਮਕੁੰਟ ਸਮੇਤ ਚਾਰਧਾਮ ਯਾਤਰਾ ਦੇ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਟਰੱਸਟ ਸਰਕਾਰ ਅਤੇ ਪ੍ਰਸ਼ਾਸਨ ਨਾਲ ਬਿਹਤਰ ਤਾਲਮੇਲ ਕਰਕੇ ਯਾਤਰੀਆਂ ਦੀ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਲਈ ਉਪਰਾਲੇ ਕਰ ਰਿਹਾ ਹੈ।