Site icon TheUnmute.com

ਈ-ਸੇਵਾ ਪੋਰਟਲ ਤੋਂ ਜਾਰੀ ਹੋਣ ਵਾਲੇ ਸਰਟੀਫ਼ਿਕੇਟਾਂ/ਦਸਤਾਵੇਜ਼ ਹੁਣ ਲੋਕ ਆਪਣੇ ਮੋਬਾਇਲ ਜਾਂ ਕੰਪਿਊਟਰ ਰਾਹੀਂ ਵੀ ਡਾਊਨਲੋਡ ਕਰ ਸਕਣਗੇ

e-seva portal

ਨਵਾਂਸ਼ਹਿਰ 14 ਅਕਤੂਬਰ 2022: ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਆਮ ਲੋਕਾਂ ਨੂੰ ਈ-ਸੇਵਾ ਪੋਰਟਲ ਰਾਹੀਂ ਜਾਰੀ ਕੀਤੇ ਜਾਂਦੇ ਸਰਟੀਫ਼ਿਕੇਟਾਂ/ਦਸਤਾਵੇਜ਼ਾਂ ਦੀ ਪ੍ਰਾਪਤੀ ਲਈ ਸੇਵਾ ਕੇਂਦਰਾਂ ’ਚ ਵਾਰ-ਵਾਰ ਜਾਣ ਦੀ ਮੁਸ਼ਕਿਲ ਨੂੰ ਸੁਖਾਲਾ ਕਰਦਿਆਂ, ਹੁਣ ਤੋਂ ਇਹ ਸਰਟੀਫ਼ਿਕੇਟ/ਦਸਤਾਵੇਜ਼ ਉਨ੍ਹਾਂ ਦੇ ਮੋਬਾਇਲ/ਈ ਮੇਲ ’ਤੇ ਭੇਜੇ ਲਿੰਕ ਰਾਹੀਂ ਡਾਊਨਲੋਡ ਕਰਨ ਦੀ ਸਹੂਲਤ ਦੇ ਦਿੱਤੀ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪਹਿਲਾਂ ਸੇਵਾ ਕੇਂਦਰ ਜਾਂ ਈ ਸੇਵਾ ਪੋਰਟਲ ਰਾਹੀਂ ਮੰਗੀ ਗਈ ਸੇਵਾ ਨਾਲ ਸਬੰਧਤ ਦਸਤਾਵੇਜ਼ ਤਿਆਰ ਹੋਣ ’ਤੇ ਸੇਵਾ ਕੇਂਦਰ ਤੋਂ ਹੋਲੋਗ੍ਰਾਮ ਲਾ ਕੇ ਜਾਰੀ ਕੀਤਾ ਜਾਂਦਾ ਸੀ। ਹੁਣ ਸਰਕਾਰ ਨੇ ਲੋਕਾਂ ਦੀ ਵਾਰ-ਵਾਰ ਸੇਵਾ ਕੇਂਦਰ ਆਉਣ ਦੀ ਮੁਸ਼ਕਿਲ ਨੂੰ ਹੱਲ ਕਰਦਿਆਂ ਉਨ੍ਹਾਂ ਨੂੰ ਘਰ ਬੈਠਿਆਂ ਹੀ ਆਪਣੀ ਸੇਵਾ ਨਾਲ ਸਬੰਧਤ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਮੋਬਾਇਲ/ਕੰਪਿਊਟਰ ’ਤੇ ਡਾਊਨਲੋਡ ਕਰਨ ਦੀ ਸੁਵਿਧਾ ਦੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਈ-ਸੇਵਾ ਪੋਰਟਲ ਰਾਹੀਂ ਡਿਜੀਟਲ ਸਾਈਨ ਹੋਣ ਵਾਲੇ ਸਰਟੀਫ਼ਿਕੇਟਾਂ/ਦਸਤਾਵੇਜ਼ਾਂ ’ਤੇ ਕਿਸੇ ਵੀ ਤਰ੍ਹਾਂ ਦੇ ਭੌਤਿਕ ਦਸਤਖ਼ਤਾਂ, ਮੋਹਰ ਜਾਂ ਹੋਲੋਗ੍ਰਾਮ ਦੀ ਜ਼ਰੂਰਤ ਨਹੀਂ ਹੋਵੇਗੀ।

ਡੀ ਸੀ ਰੰਧਾਵਾ ਨੇ ਦੱਸਿਆ ਕਿ ਈ ਸੇਵਾ ਪੋਰਟਲ ਰਾਹੀਂ ਡਿਜੀਟਲ ਦਸਤਖ਼ਤ ਕੀਤੇ ਗਏ ਸਰਟੀਫ਼ਿਕੇਟਾਂ/ਦਸਤਾਵੇਜ਼ਾਂ ਦੀ ਵੈਰੀਫ਼ਿਕੇਸ਼ਨ ਜਾਂ ਪ੍ਰਮਾਣਿਕਤਾ ਵੈਬ ਲਿੰਕ ਈ ਸੇਵਾ ਡੋਟ ਪੰਜਾਬ ਡੋਟ ਜੀ ਓ ਵੀ ਡੋਟ ਇੰਨ/ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ’ਤੇ ਦਸਤਾਵੇਜ਼ ਦਾ ਸੀਰੀਅਲ ਨੰਬਰ ਦਰਜ ਕਰਕੇ ਜਾਂ ਸਰਟੀਫ਼ਿਕੇਟ/ਦਸਤਾਵੇਜ਼ ’ਤੇ ਮੌਜੂਦ ਕਿਊ ਆਰ ਕੋਡ ਨੂੰ ਸਕੈਨ ਕਰਕੇ ਕੀਤੀ ਜਾ ਸਕਦੀ ਹੈ। ਉਕਤ ਵੈਰੀਫ਼ਿਕੇਸ਼ਨ ਵੈਬ ਲਿੰਕ ’ਤੇ ਉਪਲਬਧ ਵੇਰਵਿਆਂ ਅਤੇ ਸਰਟੀਫ਼ਿਕੇਟ/ਦਸਤਾਵੇਜ਼ ’ਤੇ ਦਰਜ ਵੇਰਵਿਆਂ ਦੀ ਤੁਲਨਾ ਵਿੱਚ ਜੇਕਰ ਕੋਈ ਵੀ ਅੰਤਰ ਪਾਇਆ ਜਾਂਦਾ ਹੈ ਤਾਂ ਉਸ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਅਯੋਗ ਸਮਝਿਆ ਜਾਵੇ।

ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ’ਚ ਆਪਣੀ ਸੇਵਾ ਲਈ ਬਿਨੇ ਕਰਨ ਵਾਲਾ ਕੋਈ ਵੀ ਪ੍ਰਾਰਥੀ ਆਪਣੇ ਸਰਟੀਫ਼ਿਕੇਟ/ਦਸਤਾਵੇਜ਼ ਦੇ ਡਿਜੀਟਲੀ ਸਾਈਨ ਹੋਣ ਬਾਅਦ ਅਰਜੀ ’ਚ ਦਿੱਤੇ ਗਏ ਮੋਬਾਇਲ ਨੰਬਰ ਅਤੇ ਈ ਮੇਲ ’ਤੇ ਇੱਕ ਵੈਬ ਲਿੰਕ ਪ੍ਰਾਪਤ ਕਰੇਗਾ। ਜਿਸ ਤੋਂ ਸਿੱਧੇ ਤੌਰ ’ਤੇ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਪ੍ਰਾਰਥੀ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਵੀ ਰਸੀਦ ਦਿਖਾ ਕੇ ਸਰਟੀਫ਼ਿਕੇਟ/ਦਸਤਾਵੇਜ਼ ਦਾ ਪਿ੍ਰੰਟ ਲੈ ਸਕਦਾ ਹੈ। ਇਸ ਤੋਂ ਇਲਾਵਾ ਈ ਸੇਵਾ ਪੋਰਟਲ ’ਤੇ ਉਪਲਬਧ ‘ਡਾਊਨਲੋਡ ਯੋਅਰ ਸਰਟੀਫ਼ਿਕੇਟ’ ਆਪਸ਼ਨ ਰਾਹੀਂ ਵੀ ਪ੍ਰਾਰਥੀ ਆਪਣੇ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਡਾਊਨਲੋਡ ਅਤੇ ਪਿ੍ਰੰਟ ਕਰ ਸਕਦਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਹੋਲੋਗ੍ਰਾਮ ਵਾਲੇ ਇਸ ਡਿਜੀਟਲ ਸਾਈਨਡ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਕਿਸੇ ਵੀ ਸਰਕਾਰੀ ਦਫ਼ਤਰ ’ਚ ਪੇਸ਼ ਕੀਤੇ ਜਾਣ ’ਤੇ ਸਬੰਧਤ ਅਧਿਕਾਰੀ/ਕਰਮਚਾਰੀ ਭੌਤਿਕ ਹਸਤਾਖਰਾਂ ਵਾਲੇ ਦਸਤਾਵੇਜ਼ ਜਾਂ ਹੋਲੋਗ੍ਰਾਮ ਜਾਂ ਸਟੈਂਪ ਦੀ ਮੰਗ ਨਹੀਂ ਕਰ ਸਕਦੇ। ਉਹ ਕਿਊ ਆਰ ਕੋਡ ਨੂੰ ਸਕੈਨ ਕਰ ਕੇ ਜਾਂ ਈ ਸੇਵਾ ਪੋਰਟਲ ’ਤੇ ਉਪਲਬਧ ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ਲਿੰਕ ਰਾਹੀਂ ਇਸ ਦੀ ਪ੍ਰਮਾਣਿਕਤਾ ਨੂੰ ਤਸਦੀਕ ਕਰ ਸਕਦੇ ਹਨ।

 

Exit mobile version