ਚੰਡੀਗੜ੍ਹ, 29 ਅਕਤੂਬਰ 2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਚੋਣਾਂ ਹੋਣਗੀਆਂ, ਇਸਦੇ ਮੱਦੇਨਜਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਪੰਜਾਬ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੁੱਢਲੀ ਪ੍ਰਕਾਸ਼ਨਾਂ ਦੀਆਂ ਬਿਨਾਂ ਫੋਟੋ ਵੋਟਰ ਸੂਚੀ (voters’ lists) ਦੀਆਂ ਸੀਡੀਜ਼ ਸੌਂਪ ਦਿੱਤੀਆਂ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਵੀ ਕੀਤੀ | ਇਸ ਦੌਰਾਨ ਸਿਬਿਨ ਸੀ ਨੇ ਦੱਸਿਆ ਕਿ 29 ਅਕਤੂਬਰ 2024 ਨੂੰ ਮੁੱਢਲੀ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਤੱਕ ਪੰਜਾਬ ‘ਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 12 ਲੱਖ 81 ਹਜ਼ਾਰ 800 ਹੈ।
ਇਨ੍ਹਾਂ ਵੋਟਰਾਂ ‘ਚੋਂ ਮਰਦ ਵੋਟਰ 1 ਕਰੋੜ 11 ਲੱਖ 84 ਹਜ਼ਾਰ 385, ਬੀਬੀ ਵੋਟਰ 1 ਕਰੋੜ 96 ਹਜ਼ਾਰ 664 ਹਨ | ਇਸਦੇ ਨਾਲ ਹੀ ਤੀਜਾ ਲਿੰਗ 751, ਐਨ.ਆਰ.ਆਈ 1610, ਦਿਵਿਆਂਗ ਵੋਟਰ 1 ਲੱਖ 55 ਹਜ਼ਾਰ 578 ਅਤੇ ਸਰਵਿਸ ਵੋਟਰ 1 ਲੱਖ 1 ਹਜ਼ਾਰ 793 ਹਨ।
ਇਨ੍ਹਾਂ ਵਿਧਾਨ ਸਭਾ ਚੋਣ ਲਈ ਪੰਜਾਬ ‘ਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24 ਹਜ਼ਾਰ 446 ਹੈ, ਇਨ੍ਹਾਂ ‘ਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 8062 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16384 ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਰੈਂਪ, ਪੀਣ ਵਾਲਾ ਪਾਣੀ, ਲਾਈਟਿੰਗ, ਬੈਠਣ ਲਈ ਕੁਰਸੀਆਂ ਅਤੇ ਪਖਾਨਿਆਂ ਦੀ ਸਹੀ ਢੰਗ ਨਾਲ ਵਿਵਸਥਾ ਕੀਤੀ ਹੈ।
ਇਸਦੇ ਨਾਲ ਹੀ ਮੁੱਢਲੀ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਤਾਰੀਖ਼ 28 ਨਵੰਬਰ, 2024 ਹੈ। ਉਨ੍ਹਾਂ ਦੱਸਿਆ ਇਸ ਇਸ ਦੌਰਾਨ ਵੋਟਰ ਜਾਗਰੂਕਤਾ ਵਧਾਉਣ ਲਈ 29 ਅਕਤੂਬਰ ਤੋਂ 28 ਨਵੰਬਰ, 2024 ਤੱਕ ਸਵੀਪ ਗਤੀਵਿਧੀਆਂ ਵੀ ਚਲਾਈਆਂ ਜਾਣਗੀਆਂ।
ਇਸ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 9 ਨਵੰਬਰ 2024 (ਸ਼ਨੀਵਾਰ), 10 ਨਵੰਬਰ (ਐਤਵਾਰ), 23 ਨਵੰਬਰ (ਸ਼ਨੀਵਾਰ) ਅਤੇ 24 ਨਵੰਬਰ, 2024 (ਐਤਵਾਰ) ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ | ਇਸਤੋਂ ਇਲਾਵਾ ਮੁੱਢਲੀ ਵੋਟਰ ਸੂਚੀਆਂ (voters’ lists) ਬਾਬਤ ਦਰਜ ਕਰਵਾਏ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਦੀ ਤਾਰੀਖ਼ 24 ਦਸੰਬਰ 2024 ਹੈ। ਇਸ ਤੋਂ ਬਾਅਦ ਅੰਤਿਮ ਵੋਟਰ ਸੂਚੀ 6 ਜਨਵਰੀ, 2025 (ਸੋਮਵਾਰ) ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਬੈਠਕ ਦੌਰਾਨ ਸਿਬਿਨ ਸੀ ਨੇ ਦੱਸਿਆ ਕਿ ਜਿਨ੍ਹਾਂ ਚਾਰ ਹਲਕਿਆਂ ‘ਚ ਇਸ ਸਮੇਂ ਜ਼ਿਮਨੀ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ, ਉਨ੍ਹਾਂ ਹਲਕਿਆਂ ‘ਚ ਉਕਤ ਪ੍ਰੋਗਰਾਮ ਵੱਖਰੇ ਤੌਰ ‘ਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਾਰੀ ਕੀਤਾ ਜਾਵੇਗਾ।
ਇਸਦੇ ਨਾਲ ਹੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬੈਠਕ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਇਕ ਪੋਲਿੰਗ ਸਟੇਸ਼ਨ ‘ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਅੰਤਿਮ ਵੋਟਰ ਸੂਚੀ ਨੂੰ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋ ਕੇ |
ਇਸ ਬੈਠਕ ‘ਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਜੁਆਇੰਟ ਸੀਈਓ ਸਕੱਤਰ ਸਿੰਘ ਬੱਲ, ਡਿਪਟੀ ਸੀਈਓ ਭਾਰਤ ਭੂਸ਼ਨ ਬਾਂਸਲ ਅਤੇ ਚੋਣ ਅਧਿਕਾਰੀ ਅੰਜੂ ਬਾਲਾ ਤੋਂ ਇਲਾਵਾ ਸੀਈਓ ਦਫ਼ਤਰ ਦੇ ਉੱਚ ਅਧਿਕਾਰੀ ਹਾਜ਼ਰ ਸਨ।