ਅਚਲੇਸ਼ਵਰ ਧਾਮ

ਸਦੀਆਂ ਪੁਰਾਣਾ ਅਚਲੇਸ਼ਵਰ ਧਾਮ ਦਾ ਮੇਲਾ ਨੌਵੀਂ-ਦਸਵੀਂ, ਹਿੰਦੂ-ਸਿੱਖ ਧਰਮ ਵੱਲੋਂ ਸਾਂਝੇ ਤੌਰ ‘ਤੇ ਮਨਾਇਆ ਜਾਂਦੈ ਇਹ ਮੇਲਾ

ਇਤਿਹਾਸਕਾਰ ਸੁਜਾਨ ਰਾਏ ਭੰਡਾਰੀ ਦੀ ਜ਼ੁਬਾਨੀ…

ਲਿਖਾਰੀ: ਇੰਦਰਜੀਤ ਸਿੰਘ ਹਰਪੁਰਾ
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ |

ਅੱਚਲ ਵਟਾਲੇ ਦਾ ਮੇਲਾ ਕਈ ਸਦੀਆਂ ਤੋਂ ਲਗਾਤਾਰ ਲੱਗ ਰਿਹਾ ਹੈ। ਇਸ ਮੇਲੇ ਦੇ ਵੱਖ-ਵੱਖ ਰੰਗਾਂ ਦਾ ਵਰਨਣ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਹੋਏ ਪ੍ਰਸਿੱਧ ਇਤਿਹਾਸਕਾਰ ਅਤੇ ਬਟਾਲਾ ਦੇ ਵਸਨੀਕ ਸੁਜਾਨ ਰਾਏ ਭੰਡਾਰੀ ਨੇ ਆਪਣੀ ਫਾਰਸੀ ਵਿੱਚ ਲਿਖੀ ਕਿਤਾਬ ‘ਖੁਲਾਸਤੁਤ ਤਵਾਰੀਖ’ ਵਿੱਚ ਬਹੁਤ ਖੂਬਸੂਰਤੀ ਨਾਲ ਕੀਤਾ ਹੈ। ਸੁਜਾਨ ਰਾਏ ਭੰਡਾਰੀ ਬਟਾਲੇ ਦੇ ਹੋਣ ਕਾਰਨ ਖੁਦ ਵੀ ਅੱਚਲ ਦੇ ਮੇਲੇ ਵਿੱਚ ਜਾਂਦੇ ਰਹੇ ਸਨ ਅਤੇ ਉਨ੍ਹਾਂ ਨੇ ਜੋ ਅੱਚਲ ਦੇ ਮੇਲੇ ਸਬੰਧੀ ਆਪਣਾ ਬਿਆਨ ਦਰਜ ਕੀਤਾ ਹੈ ਉਹ ਹੂ-ਬ-ਹੂ ਹੇਠਾਂ ਦਿੱਤਾ ਜਾ ਰਿਹਾ ਹੈ।

May be an image of 1 person

image credit: Inderjeet Singh Harpura

“ਬਟਾਲੇ ਤੋਂ ਦੋ ਕੋਹ ਦੂਰ ਅਚਲ ਨਾਉਂ ਦਾ ਇੱਕ ਪੁਰਾਣਾ ਅਸਥਾਨ ਮਹਾਦੇਵ ਦੇ ਸਪੁੱਤਰ ਸੁਆਮੀ ਕਾਰਤਿਕ ਨਾਲ ਸਬੰਧਤ ਹੈ। ਇਥੋਂ ਦੇ ਤਲਾਉ ਦੇ ਪਾਣੀ ਨੂੰ ਮਿਠਾਸ ਅਤੇ ਸੁਆਦ ਵਿੱਚ ਕੌਸਰ (ਸੁਰਗ ਦੀ ਇੱਕ ਨਹਿਰ ਦਾ ਨਾਉਂ) ਦੇ ਬਰਾਬਰ ਸਮਝੋ। ਅਕਤੂਬਰ ਦੇ ਅਰੰਭ ਵਿੱਚ ਜਦ ਕਿ ਦਿਨ ਤੇ ਰਾਤ ਬਰਾਬਰ ਅਤੇ ਰੁੱਤ ਸਮਾਨ ਹੁੰਦੀ ਹੈ, ਹਜ਼ਾਰਾਂ ਜੋਗੀ, ਤਪੱਸਵੀ, ਸਾਧੂ ਇਥੇ ਆਉਂਦੇ ਹਨ। ਦੇਸ਼ ਵਿਚੋਂ ਲੱਖਾਂ ਇਸਤਰੀਆਂ ਤੇ ਮਰਦਾਂ ਦੇ ਆਉਣ ਨਾਲ ਬਹੁਤ ਭੀੜ ਹੋ ਜਾਂਦੀ ਹੈ। ਪੂਰੇ ਛੇ ਦਿਨ ਕੋਹਾਂ ਵਿੱਚ ਆਦਮੀ ਹੀ ਆਦਮੀ ਦਿਖਾਈ ਦਿੰਦੇ ਹਨ। ਬਹੁਤ ਸਾਰੇ ਆਦਮੀ ਇਨ੍ਹਾਂ ਪਹੁੰਚੇ ਹੋਏ ਫ਼ਕੀਰਾਂ ਨੂੰ ਬੇਨਤੀਆਂ ਕਰਕੇ ਆਪਣੀਆਂ ਮੁਰਾਦਾਂ ਪਾਉਂਦੇ ਹਨ। ਮਿੱਤਰ ਮਿੱਤਰਾਂ ਨੂੰ ਮਿਲ ਕੇ ਸੰਗਤ ਕਰਦੇ ਹਨ ਅਤੇ ਦ੍ਰਿਸ਼ਟੀਵਾਨ ਭਾਰੀ ਇਕੱਤਰਤਾ ਦੇ ਦਰਪਣ ਵਿੱਚ ਰੱਬੀ ਕੁਦਰਤ ਦਾ ਅਨੁਭਵ ਕਰਦੇ ਹਨ। ਤਮਾਸ਼ਬੀਨਾਂ ਨੂੰ ਪਰੀਆਂ ਵਰਗੀਆਂ ਸੁੰਦਰੀਆਂ ਦੇ ਦੀਦਾਰ ਅਤੇ ਖਾਣ-ਪੀਣ ਦੇ ਸ਼ੌਕੀਨਾਂ ਨੂੰ ਹਲਵੇ ਪਰਾਉਂਠੇ ਆਦਿ ਦੇ ਸੁਆਦ ਮਾਨਣ ਦਾ ਮੌਕਾ ਮਿਲਦਾ ਹੈ। ਫ਼ਕੀਰਾਂ ਦੀ ਦੁਆ ਨਾਲ ਰੋਗੀਆਂ ਨੂੰ ਪੂਰਣ ਤੰਦਰੁਸਤੀ ਨਸੀਬ ਹੁੰਦੀ ਹੈ।

May be an image of 3 people and temple

ਰੰਗ ਰਾਗ ਦੇ ਇਸ ਮੇਲੇ ਵਿੱਚ ਕਿਤੇ ਸੁਆਦੀ ਮਿਠਆਈਆਂ, ਕਿਤੇ ਉੱਤਮ ਖਾਣ ਪਾਨ ਦੀਆਂ ਚੀਜਾਂ ਅਤੇ ਕਿਤੇ ਤਾਜ਼ਾ ਤੇ ਮਿੱਠੇ ਮੇਵੇ ਵਿਕਦੇ ਹਨ। ਇੱਕ ਪਾਸੇ ਸੰਗੀਤ ਤੇ ਨਾਚ ਦੀ ਮਹਿਫ਼ਿਲ ਜਮਦੀ ਹੈ, ਦੂਜੇ ਪਾਸੇ ਭੰਡ ਤੇ ਨਕਲੀਏ ਨਕਲਾਂ ਤੇ ਹਸਾਉਣੀਆਂ ਗੱਲਾਂ ਦੀ ਦਾਦ ਦੇਂਦੇ ਹਨ। ਕਿਤੇ ਕੋਈ ਕਹਾਣੀ ਸੁਣਾਉਣ ਵਾਲਾ ਕਿੱਸਾ ਸੁਣਾ ਕੇ ਲੋਕਾਂ ਨੂੰ ਪ੍ਰਸੰਨ ਕਰਦਾ ਹੈ। ਕਿਤੇ ਤਕੜੇ ਜੁੱਸੇ ਵਾਲੇ ਸ਼ਕਤੀਵਾਨ ਪਹਿਲਵਾਨ ਦੀਆਂ ਜੋੜੀਆਂ ਰੁਸਤਮ, ਅਸੰਫਦਯਾਰ (ਰੁਸਤਮ-ਈਰਾਨ ਦਾ ਪਹਿਲਵਾਨ, ਅਸਫੰਦਯਾਰਈਰਾਨ ਦਾ ਰਾਜਾ) ਵਾਂਗ ਜ਼ੋਰ ਅਜਮਾਈ ਕਰਦੀਆਂ ਹਨ।

May be an image of 3 people

ਬਾਜ਼ੀਗਰਾਂ ਦੇ ਹੈਰਾਨ ਕਰਨ ਵਾਲੇ ਕਰਤਬ ਅਤੇ ਨਟਾਂ ਦੇ ਅਦੁੱਤੀ ਕੰਮ ਦੇਖ ਕੇ ਹਰ ਆਦਮੀ ਚਕ੍ਰਿਤ ਹੋ ਜਾਂਦਾ ਹੈ। ਚਿੱਤਰਕਾਰ ਯੁੱਧਾਂ ਅਤੇ ਮਹਿਫਿਲਾਂ ਦੇ ਅਜਿੇ ਲਾਸਾਨੀ ਚਿੱਤਰ ਅਤੇ ਗੁਲਜ਼ਾਰਾਂ ਤੇ ਨਹਿਰਾਂ ਦੀਆਂ ਅਜਿਹੀਆਂ ਤਸਵੀਰਾਂ ਲਿਆ ਕੇ ਰੱਖਦੇ ਹਨ ਕਿ ਦੇਖਣ ਵਾਲੇ ਆਪ ਤਸਵੀਰ ਬਣ ਜਾਂਦੇ ਹਨ। ਇੱਕ ਪਾਸੇ ਹਥਿਆਰਾਂ ਅਤੇ ਸਾਜ਼-ਸਮਾਨ ਦੀ ਦੁਕਾਨ ਤੇ ਦੂਜੇ ਪਾਸੇ ਜ਼ਰੂਰੀ ਵਸਤਾਂ ਅਤੇ ਖੇਡ ਖਿਡਾਉਣਿਆਂ ਦੀ, ਲੋਕਾਂ ਦਾ ਰੌਲਾ-ਰੱਪਾ, ਡੱਫ, ਤੰਬੂਰਿਆਂ, ਨਗਾਰਿਆਂ ਦੀਆਂ ਅਵਾਜ਼ਾਂ, ਹਜ਼ਾਰਾਂ ਆਦਮੀਆਂ ਦੀ ਹਾ ਹੂ, ਗੱਲ ਕੀ ਉਹ ਹਲਾ-ਗੁੱਲਾ ਹੁੰਦਾ ਹੈ ਕਿ ਕੰਨ ਪਈ ਅਵਾਜ਼ ਨਹੀਂ ਸੁਣਦੀ। ਘੱਟਾ ਤੇ ਗਰਦ ਆਸਮਾਨ ਤੱਕ ਪਹੁੰਚ ਜਾਂਦਾ ਹੈ।

May be an image of 1 person, temple, crowd and text

ਅਜਿਹਾ ਮੇਲਾ ਭਰਦਾ ਹੈ ਕਿ ਆਸਮਾਨ ਚਾਅ ਦੀ ਦ੍ਰਿਸ਼ਟੀ ਨਾਲ ਉਸਨੂੰ ਤੱਕਦਾ ਹੈ ਅਤੇ ਤਾਰੇ ਇਸ ਨੂੰ ਦੇਖ-ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਯਾਤਰੂਆਂ ਦਾ ਕਥਨ ਹੈ ਕਿ ਉਨ੍ਹਾਂ ਨੇ ਸੰਸਾਰ ਵਿੱਚ ਇਸ ਤਰਾਂ ਵਧ-ਚੜ੍ਹ ਕੇ ਲੱਗਣ ਵਾਲਾ ਹੋਰ ਕੋਈ ਮੇਲਾ ਨਹੀਂ ਦੇਖਿਆ। ਬਟਾਲੇ ਦੇ ਵਸਨੀਕਾਂ ਨੂੰ ਇਹ ਹੱਲਾ-ਗੁੱਲਾ ਇਤਨਾ ਪਿਆਰਾ ਲੱਗਦਾ ਹੈ ਕਿ ਭਾਵੇਂ ਸੌ ਕੋਹਾਂ ਦੂਰ ਮੌਜ-ਮੇਲਾ ਮਾਨਣ ਵਿੱਚ ਲੀਨ ਨਾ ਹੋਣ, ਉਹ ਇੱਥੇ ਪੁੱਜਣ ਦੀ ਇੱਛਾ ਕਾਰਣ ਕਾਹਲੇ ਪੈ ਜਾਂਦੇ ਹਨ।”

May be an image of 3 people

ਇਤਿਹਾਸਕਾਰ ਸੁਜਾਨ ਰਾਏ ਭੰਡਾਰੀ ਦੇ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਅੱਚਲ ਦਾ ਮੇਲਾ 6 ਦਿਨ ਲੱਗਦਾ ਹੁੰਦਾ ਸੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਸਾਧੂ ਤੇ ਸੰਗਤ ਇਸ ਮੇਲੇ ਵਿੱਚ ਸ਼ਾਮਲ ਹੁੰਦੀ ਸੀ। ਬਟਾਲਾ ਵਾਸੀਆਂ ਦਾ ਇਸ ਮੇਲੇ ਨਾਲ ਸਨੇਹ ਬਿਆਨ ਕਰਦਿਆਂ ਸੁਜਾਨ ਰਾਏ ਭੰਡਾਰੀ ਨੇ ਲਿਖਿਆ ਹੈ ਕਿ ਬਟਾਲਵੀ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੁੰਦੇ ਆਖਰ ਉਹ ਮੇਲੇ ਵਾਲੇ ਦਿਨ ਅੱਚਲ ਪਹੁੰਚ ਹੀ ਜਾਂਦੇ ਸਨ। ਇਸ ਤੋਂ ਇਲਾਵਾ ਉਸ ਸਮੇਂ ਮੇਲੇ ਵਿੱਚ ਹੁੰਦੇ ਸਾਰੇ ਰੰਗਾਂ ਨੂੰ ਲੇਖਕ ਨੇ ਬਹੁਤ ਵਧੀਆ ਬਿਆਨ ਕੀਤਾ ਹੈ। ਹੁਣ ਵੀ ਹਰ ਸਾਲ ਦੀਵਾਲੀ ਤੋਂ ਬਾਅਦ ਨੌਵੀਂ ਅਤੇ ਦਸਵੀਂ ਨੂੰ ਅੱਚਲ ਦਾ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ।

May be an image of 2 people, musical instrument and text

image credit: Inderjeet Singh Harpura

ਇਸ ਵਾਰ ਨੌਵੀਂ-ਦਸਵੀ ਦਾ ਮੇਲਾ 21 ਅਤੇ 22 ਨਵੰਬਰ ਨੂੰ ਹੈ ਅਤੇ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਸਾਧੂ ਅਤੇ ਸੰਗਤ ਮੇਲੇ ਵਿੱਚ ਪਹੁੰਚੀ ਹੋਈ ਹੈ। ਇਸ ਮੇਲੇ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਹਿੰਦੂ ਅਤੇ ਸਿੱਖ ਧਰਮ ਵੱਲੋਂ ਸਾਂਝੇ ਤੌਰ `ਤੇ ਇਹ ਮੇਲਾ ਮਨਾਇਆ ਜਾਂਦਾ ਹੈ। ਜਿਥੇ ਸਵਾਮੀ ਕਾਰਤਿਕ ਜੀ ਦੇ ਮੰਦਰ ਵਿੱਚ ਸ਼ਰਧਾਲੂਆਂ ਦੀ ਰੌਣਕਾਂ ਹਨ ਓਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਧ-ਗੋਸ਼ਿਟ ਦੇ ਅਸਥਾਨ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵੀ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਸਦੀਆਂ ਪੁਰਾਣੀ ਅੱਚਲ ਸਾਹਿਬ ਦੇ ਮੇਲੇ ਦੀ ਰਿਵਾਇਤ ਅੱਜ ਵੀ ਬਟਾਲਵੀਆਂ ਨੇ ਸਾਂਭ ਕੇ ਰੱਖੀ ਹੋਈ ਹੈ। ਸੱਚਮੁੱਚ ਬਟਾਲਵੀਆਂ ਲਈ ਨੌਵੀਂ-ਦਸਵੀਂ ਦਾ ਮੇਲਾ ਬਹੁਤ ਖਾਸ ਹੈ।

May be an image of 4 people, temple and text
image credit: Inderjeet Singh Harpura

Scroll to Top