Housing and Urban Development

ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਤੇ ਮਾਨਤਾ ਪ੍ਰੀਸ਼ਦ (ਨੈਕ) ਤੋਂ ਏ ਪਲੱਸ ਗ੍ਰੇਡ ਦਾ ਦਰਜਾ ਮਿਲਿਆ

ਬਠਿੰਡਾ, 01 ਮਾਰਚ 2023 : ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੇਂ ਰਿਕਾਰਡ ਕਾਇਮ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ (Central University of Punjab) ਨੇ ਇੱਕ ਹੋਰ ਮੀਲ ਪੱਥਰ ਹਾਸਿਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਨੇ ਮੁਲਾਂਕਣ ਦੇ ਦੂਜੇ ਦੌਰ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਏ-ਪਲੱਸ (A+) ਗ੍ਰੇਡ ਨਾਲ ਮਾਨਤਾ ਦਿੱਤੀ ਹੈ।

ਯੂਨੀਵਰਸਿਟੀ ਨੇ ਨੈਕ ਮੁਲਾਂਕਣ ਚੱਕਰ-2 ਵਿੱਚ 4-ਪੁਆਇੰਟ ਸਕੇਲ ‘ਤੇ 3.3 ਦਾ ਸੰਚਤ ਗ੍ਰੇਡ ਪੁਆਇੰਟ ਔਸਤ ਪ੍ਰਾਪਤ ਕਰਕੇ ਜ਼ਿਕਰਯੋਗ ਤਰੱਕੀ ਕੀਤੀ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਇਸ ਵਾਰ ਨੈਕ ਮੁਲਾਂਕਣ ਵਿੱਚ ਏ-ਪਲੱਸ (A+) ਗ੍ਰੇਡ ਪ੍ਰਾਪਤ ਕਰਕੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ ਕਿਉਂਕਿ ਯੂਨੀਵਰਸਿਟੀ ਨੇ ਨੈਕ ਮੁਲਾਂਕਣ ਦੇ ਪਹਿਲੇ ਚੱਕਰ ਵਿੱਚ ਏ ਗ੍ਰੇਡ ਪ੍ਰਾਪਤ ਕੀਤਾ ਸੀ। ਸਾਲ 2009 ਵਿੱਚ ਇਸਦੀ ਸਥਾਪਨਾ ਤੋਂ ਬਾਅਦ 14 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਨੈਕ ਦੁਆਰਾ ਏ-ਪਲੱਸ (A+) ਗ੍ਰੇਡ ਨਾਲ ਮਾਨਤਾ ਪ੍ਰਾਪਤ ਹੋਈ ਹੈ।

ਜਿਕਰਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ (Central University of Punjab) ਨੇ ਐਨਆਈਆਰਐਫ 2019 ਵਿੱਚ 95ਵੇਂ ਰੈਂਕ ਤੋਂ ਐਨਆਈਆਰਐਫ 2022 ਵਿੱਚ 81ਵੇਂ ਰੈਂਕ ਤੱਕ ਦਾ ਸਫਰ ਕਰਕੇ ਐਨਆਈਆਰਐਫ ਰੈਂਕਿੰਗ ਦੀ ਯੂਨੀਵਰਸਿਟੀ ਸ਼੍ਰੇਣੀ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਹਰ ਸਾਲ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਦਿਖਾਇਆ ਹੈ।

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਨੈਕ ਮੁਲਾਂਕਣ ਦੇ ਪਹਿਲੇ ਚੱਕਰ ਵਿੱਚ ਏ ਗ੍ਰੇਡ ਤੋਂ ਦੂਜੇ ਮੁਲਾਂਕਣ ਦੇ ਚੱਕਰ ਵਿੱਚ ਏ ਪਲੱਸ (A +) ਗ੍ਰੇਡ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ, ਇਹ ਸਾਬਤ ਕਰਦਾ ਹੈ ਕਿ ਯੂਨੀਵਰਸਿਟੀ ਉੱਤਮਤਾ ਦੇ ਰਾਹ ‘ਤੇ ਅੱਗੇ ਵਧ ਰਹੀ ਹੈ।ਬੁੱਧਵਾਰ ਨੂੰ ਨੈਕ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਗ੍ਰੇਡ ਜਾਰੀ ਕੀਤੇ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਨੂੰ ਨੈਕ ਦੀ ਸੰਪੂਰਨ ਰਿਪੋਰਟ ਪ੍ਰਾਪਤ ਹੋਈ।

ਇਸ ਮੌਕੇ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਨੈਕ ਵੱਲੋਂ ਏ ਪਲੱਸ (A +) ਗ੍ਰੇਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯੂਨੀਵਰਸਿਟੀ ਪਰਿਵਾਰ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਲਈ ਨੈਕ ਤੋਂ ਏ ਪਲੱਸ ਗ੍ਰੇਡ ਪ੍ਰਾਪਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਹ ਮੀਲ ਪੱਥਰ ਹਾਸਲ ਕਰਨਾ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਯੂਨੀਵਰਸਿਟੀ ਭਾਈਚਾਰੇ ਦੀ ਸਖ਼ਤ ਮਿਹਨਤ ਅਤੇ ਅਣਥੱਕ ਯਤਨਾਂ ਨੂੰ ਦਰਸਾਉਂਦਾ ਹੈ। ਪ੍ਰੋ. ਤਿਵਾਰੀ ਨੇ ਕਿਹਾ ਕਿ ਨੈਕ ਤੋਂ ਏ ਪਲੱਸ (A+) ਗਰੇਡ ਦੀ ਮਾਨਤਾ ਨਾ ਸਿਰਫ਼ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਕੇਂਦਰੀ ਏਜੰਸੀਆਂ ਤੋਂ ਵਧੇਰੇ ਫੰਡ ਹਾਸਲ ਕਰਨ ਦੇ ਯੋਗ ਬਣਾਵੇਗੀ, ਸਗੋਂ ਭਾਰਤ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇੱਥੇ ਖੋਜ ਅਤੇ ਅਧਿਐਨ ਕਰਨ ਲਈ ਆਕਰਸ਼ਿਤ ਕਰੇਗੀ।

ਇਸ ਤੋਂ ਪਹਿਲਾਂ, ਪੰਜ ਮੈਂਬਰੀ ਨੈਕ ਪੀਅਰ ਟੀਮ ਨੇ 22 ਤੋਂ 24 ਫਰਵਰੀ, 2023 ਤੱਕ ਸੀਯੂ ਪੰਜਾਬ ਕੈਂਪਸ ਦਾ ਦੌਰਾ ਕੀਤਾ ਸੀ। ਨੈਕ ਨੇ ਕੰਮਕਾਜ ਅਤੇ ਸੰਗਠਨਾਤਮਕ ਫੋਕਸ ਦੇ ਆਧਾਰ ‘ਤੇ ਵੱਖ-ਵੱਖ ਮੁੱਖ ਪਹਿਲੂਆਂ ਦੇ ਤਹਿਤ ਸੱਤ ਮਾਪਦੰਡਾਂ ਦੇ ਸੈੱਟ ‘ਤੇ ਆਪਣਾ ਮੁਲਾਂਕਣ ਕੀਤਾ। ਇਹਨਾਂ ਮਾਪਦੰਡਾਂ ਵਿੱਚ ਪਾਠਕ੍ਰਮ ਦੇ ਪਹਿਲੂ; ਅਧਿਆਪਨ-ਸਿਖਲਾਈ ਅਤੇ ਮੁਲਾਂਕਣ; ਖੋਜ, ਨਵੀਨਤਾ ਅਤੇ ਵਿਸਥਾਰ; ਬੁਨਿਆਦੀ ਢਾਂਚਾ ਅਤੇ ਸਿੱਖਣ ਦੇ ਸਰੋਤ; ਵਿਦਿਆਰਥੀ ਸਹਾਇਤਾ ਅਤੇ ਤਰੱਕੀ; ਗਵਰਨੈਂਸ, ਲੀਡਰਸ਼ਿਪ ਅਤੇ ਪ੍ਰਬੰਧਨ; ਸੰਸਥਾਗਤ ਮੁੱਲ ਅਤੇ ਵਧੀਆ ਕਾਰਜ ਪ੍ਰਣਾਲੀਆਂ ਸ਼ਾਮਲ ਹਨ।

ਨੈਕ ਮੁਲਾਂਕਣ ਸਮੇਂ ਦੌਰਾਨ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਖੋਜ ਦੇ ਕਈ ਖੇਤਰਾਂ ਵਿੱਚ ਵਾਧਾ ਦਿਖਾਇਆ ਹੈ, ਜਿਸ ਵਿੱਚ ਮਨਜ਼ੂਰਸ਼ੁਦਾ ਖੋਜ ਪ੍ਰੋਜੈਕਟ ਗ੍ਰਾਂਟਾਂ ਵਿੱਚ ਵਾਧਾ ਸ਼ਾਮਲ ਹੈ, ਜੋ ਵਿੱਤੀ ਸਾਲ 2016-17 ਵਿੱਚ 22 ਕਰੋੜ ਤੋਂ ਵੱਧ ਕੇ ਵਿੱਤੀ ਸਾਲ 2021-22 ਵਿੱਚ 72 ਕਰੋੜ ਹੋ ਗਿਆ ਹੈ। ਉੱਚ ਪ੍ਰਭਾਵ ਵਾਲੇ ਪ੍ਰਕਾਸ਼ਨਾਂ ਅਧੀਨ ਖੋਜ ਪੱਤਰਾਂ ਦੀ ਸੰਖਿਆ ਸਾਲ 2016 ਵਿੱਚ 513 ਤੋਂ ਵੱਧ ਕੇ ਸਾਲ 2022 ਵਿੱਚ 2567 ਹੋ ਗਈ ਹੈ।

ਇਸ ਦੇ ਨਾਲ ਹੀ ਖੋਜ ਹਵਾਲੇ ਦੀ ਕੁੱਲ ਸੰਖਿਆ ਸਾਲ 2016 ਵਿੱਚ 606 ਤੋਂ ਵੱਧ ਕੇ ਸਾਲ 2022 ਵਿੱਚ 12560 ਹੋ ਗਈ ਹੈ। ਇਸ ਵੇਲੇ ਸੀਯੂ-ਪੰਜਾਬ ਦਾ ਵੈੱਬ ਆਫ਼ ਸਾਇੰਸ ਐਚ-ਇੰਡੈਕਸ 67 ਹੈ ਅਤੇ ਸਕੋਪਸ ਐਚ-ਇੰਡੈਕਸ 71 ਹੈ। ਯੂਨੀਵਰਸਿਟੀ ਨੇ ਆਪਣੇ ਅਧਿਆਪਨ-ਸਿਖਲਾਈ ਬੁਨਿਆਦੀ ਢਾਂਚੇ ਅਤੇ ਖੋਜ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਗ੍ਰਾਂਟਾਂ ਆਕਰਸ਼ਿਤ ਕੀਤੀਆਂ ਹਨ। ਯੂਨੀਵਰਸਿਟੀ ਨੂੰ ਅਧਿਆਪਨ, ਸਿੱਖਣ ਅਤੇ ਖੋਜ ਲਈ ਇਸਦੇ ਸ਼ਾਨਦਾਰ ਬੁਨਿਆਦੀ ਢਾਂਚੇ ਅਤੇ ਇਸਦੇ ਵਾਤਾਵਰਣ-ਅਨੁਕੂਲ, ਹਰੇ ਭਰੇ ਕੈਂਪਸ ਲਈ ਸਿਹਰਾ ਦਿੱਤਾ ਗਿਆ ਹੈ।

Scroll to Top