Elections

ਕੇਂਦਰੀ ਘੱਟ ਗਿਣਤੀ ਬਾਰੇ ਮਾਮਲਿਆਂ ਨੇ ਦਿੱਲੀ ਕਮੇਟੀ ਨਾਲ ਮਿਲ ਕੇ ਸਿੱਖ ਭਾਈਚਾਰੇ ਲਈ ਹੁਨਰ ਅਤੇ ਉਪਜੀਵਕਾ ਪ੍ਰੋਗਰਾਮ ਕੀਤਾ ਸ਼ੁਰੂ

ਨਵੀਂ ਦਿੱਲੀ, 14 ਮਾਰਚ 2024: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ, 1 ਚੇਤ ਦੇ ਨਵੇਂ ਸਿੱਖ ਸਾਲ ਦੇ ਸ਼ੁਭ ਮੌਕੇ ਨੂੰ ਮਨਾਉਣ ਲਈ, ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਮੰਤਰੀ, ਸਮ੍ਰਿਤੀ ਇਰਾਨੀ ਨੇ ਅੱਜ ਸਿੱਖ ਭਾਈਚਾਰੇ ਲਈ ਇੱਕ ਵਿਆਪਕ ਹੁਨਰ ਵਿਕਾਸ, ਲੀਡਰਸ਼ਿਪ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵੱਲ ਸੇਧਤ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਸ ਪ੍ਰੋਗਰਾਮ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਰਾਹੀਂ ਮੰਤਰਾਲੇ ਦੀ ਪ੍ਰਧਾਨ ਮੰਤਰੀ ਵਿਰਾਸਤ (ਪ੍ਰਧਾਨ ਮੰਤਰੀ ਵਿਕਾਸ) ਸਕੀਮ ਦੇ ਪ੍ਰਚਾਰ ਤਹਿਤ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ, ਸਭਕੀ ਅਰਦਾਸ” ਦੀ ਵਿਆਪਕ ਭਾਵਨਾ ਨਾਲ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਪ੍ਰੋਗਰਾਮ ਤਹਿਤ 10 ਹਜ਼ਾਰ ਨੌਜਵਾਨਾਂ ਤੇ ਔਰਤਾਂ ਨੂੰ ਰੋਜ਼ਗਾਰ ਮੁਖੀ ਕੰਮਾਂ ਵਾਸਤੇ ਆਧੁਨਿਕ ਹੁਨਰ ਸਿੱਖਲਾਈ ਦਿੱਤੀ ਜਾਵੇਗੀ ਅਤੇ ਸਿਕਲੀਗਰ ਤੇ ਹੋਰ ਅਜਿਹੇ ਸਮੂਹ ਜੋ ਰਵਾਇਤੀ ਕਲਾ ਤੇ ਸ਼ਿਲਪਕਾਰੀ ਰੂਪਾਂ ਦਾ ਅਭਿਆਸ ਕਰਦੇ ਹਨ, ਉਹਨਾਂ ਨੂੰ ਉਤਸ਼ਾਹਿਤ ਤਾਂ ਜੋ ਔਰਤਾਂ ਵਿਚ ਲੀਡਰਸ਼ਿਪ ਤੇ ਉਦਮਤਾ ਦੇ ਗੁਣ ਪੈਦਾ ਕੀਤੇ ਜਾ ਸਕਣ ਤੇ ਸਿੱਖਿਆ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਾਈ ਜਾ ਸਕੇ।

ਮੰਤਰਾਲੇ ਦੀ ਇਹ ਪਹਿਲਕਦਮੀ ਸਮਾਜ ਦੇ ਅੰਦਰ ਸਮਾਜਿਕ-ਆਰਥਿਕ ਤੌਰ ‘ਤੇ ਪਛੜੇ ਸਮੂਹਾਂ ਨੂੰ ਰਾਸ਼ਟਰੀ ਵਿਕਾਸ ਕਹਾਣੀ ਵਿੱਚ ਆਪਣੇ ਲਈ ਇੱਕ ਸਥਾਨ ਬਣਾਉਣ ਵਿੱਚ ਮਦਦ ਕਰੇਗੀ ਅਤੇ ਦੂਜੇ ਸਮਾਜਿਕ ਤੌਰ ‘ਤੇ ਪਛੜੇ ਭਾਈਚਾਰਿਆਂ ਦੇ ਲਾਭਪਾਤਰੀਆਂ ਦੀ ਵੀ ਮਦਦ ਕਰੇਗੀ ਜਿਸ ਨਾਲ ਫਿਰਕੂ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।

ਇਸ ਪਰਿਵਰਤਨਸ਼ੀਲ ਭਾਈਵਾਲੀ ਨੂੰ ਰਸਮੀ ਰੂਪ ਦੇਣ ਲਈ, ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੀਆਂ ਨਾਮਜ਼ਦ /ਰਜਿਸਟਰਡ ਸੋਸਾਇਟੀਆਂ ਨਾਲ ਐਮ ਓ ਯੂ ’ਤੇ ਹਸਤਾਖ਼ਰ ਕੀਤੇ ਜਾਣਗੇ।

ਦਿੱਲੀ ਕਮੇਟੀ ਪਹਿਲਾਂ ਹੀ ਦਿੱਲੀ ਯੂਨੀਵਰਸਿਟੀਵਿਚ 4 ਕਾਲਜ ਚਲਾ ਰਹੀ ਹੈ ਜਿਹਨਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਮਾਤਾ ਸੁੰਦਰੀ ਮਹਿਲਾ ਕਾਲਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਨਾਲ-ਨਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ 11 ਬ੍ਰਾਂਚਾਂ ਤੇ 1 ਆਈ ਟੀ ਆਈ ਚਲਾ ਰਹੀ ਹੈ।
ਇਨ੍ਹਾਂ ਸੰਸਥਾਵਾਂ ਦਾ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੀ ਭਲਾਈ ਲਈ ਸਿੱਖਿਆ ਅਤੇ ਹੁਨਰ ਵਿਕਾਸ ਪ੍ਰਦਾਨ ਕਰਨ ਦੇ ਖੇਤਰ ਵਿੱਚ ਇੱਕ ਸਥਾਪਿਤ ਟਰੈਕ ਰਿਕਾਰਡ ਹੈ।

ਘੱਟ ਗਿਣਤੀ ਮੰਤਰਾਲੇ ਦੀ ਪਹਿਲਕਦਮੀ ਦਾ ਮਕਸਦ ਸਿਰਫ ਦਿੱਲੀ ਹੀ ਨਹੀਂ ਬਲਕਿ ਭਾਰਤ ਭਰ ਤੋਂ ਸਿੱਖ ਨੌਜਵਾਨਾਂ ਨੂੰ ਪ੍ਰੋਗਰਾਮਾਂ ਵਿਚ ਸ਼ਾਮਲ ਕਰਨਾ ਹੈ। ਇਸ ਉਦੇਸ਼ ਵਾਸਤੇ ਮੰਤਰਾਲਾ ਇਹਨਾਂ ਵਿਦਿਅਕ ਤੇ ਹੁਨਰ ਸੰਸਥਾਵਾਂ ਦੀ ਉਸਾਰੀ ਤੇ ਇਹਨਾਂ ਨੂੰ ਅੱਗੇ ਲੈ ਕੇ ਜਾਣ ਵਿਚ ਮਦਦ ਕਰੇਗਾ ਤੇ ਇਸ ਤਰੀਕੇ ਸਿੱਖ ਭਾਈਚਾਰੇ ਵਿਚ ਰੋਜ਼ਗਾਰ ਤੇ ਜੀਵਨ ਨਿਰਬਾਹ ਦੇ ਮੌਕੇ ਪੈਦਾ ਕਰਨ ਵਿਚ ਮਦਦ ਕੀਤੀ ਜਾਵੇਗੀ।

ਸਰਕਾਰ ਗੁਰਮੁਖੀ ਲਿਪੀ ਸਮੇਤ ਸਿੱਖ ਕੌਮ ਦੀ ਅਮੀਰ ਸਭਿਆਚਾਰਕ ਵਿਰਾਸਤ ਤੇ ਰਵਾਇਤਾਂ ਦੀ ਸਾਂਭ ਸੰਭਾਲ ਤੇ ਇਹਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਨੂੰ ਸਮਝਦੀ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਆਫ ਦਿੱਲੀ ਦੇ ਤਹਿਤ ਖਾਲਸਾ ਕਾਲਜਾਂ ਵਿਚ ਗੁਰਮੁਖੀ ਲਿਪੀ ਦੇ ਸਿੱਖਲਾਈ ਸਟੇਟ ਆਫ ਆਰਟ ਸਿੱਖਲਾਈ ਕੇਂਦਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ ਤੇ ਨਾਲ ਹੀ ਸਿੱਖ ਸਿੱਖਿਆਵਾਂ ਤੇ ਵਿਰਾਸਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਵਾਸਤੇ ਇਕ ਆਈ ਟੀ ਪਲੈਟਫਾਰਮ ਤਿਆਰ ਕੀਤਾ ਜਾਵੇਗਾ। ਇਹ ਕੇਂਦਰ ਗੁਰਮੁਖੀ ਲਿਪੀ ਦੀ ਸੰਭਾਲ ਤੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੰਮ ਕਰਨਗੇ। ਮੰਤਰਾਲਾ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਤਹਿਤ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਸਟੂਡੀਓ/ਸਮਾਰਟ ਕਲਾਸ ਰੂਮ ਸਮੇਤ ਹੋਰ ਬੁਨਿਆਦੀ ਢਾਂਚਾ ਸਿਰਜਣ ਵਾਸਤੇ ਵੀ ਲੋੜੀਂਦੀ ਮਦਦ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਵਿਕਾਸ ਅਤੇ ਪੀ ਐਮ ਜੇ ਵੀ ਕੇ ਸਕੀਮ ਤਹਿਤ ਸਿੱਖ ਕੌਮ ਵਾਸਤੇ ਇਹਨਾਂ ਪਹਿਲਕਦਮੀਆਂ ਨੂੰ ਪ੍ਰਵਾਨਗੀ ਦੇਣਾ ਸਰਕਾਰ ਵੱਲੋਂ ਦੇਸ਼ ਭਰ ਵਿਚ ਸਿੱਖ ਕੌਮ ਵਿਚ ਹਾਸ਼ੀਏ ’ਤੇ ਆਏ ਲੋਕਾਂ ਦੇ ਸਸ਼ਕਤੀਕਰਨ ਅਤੇ ਤੇ ਉਹਨਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਵਿਚ ਇਕ ਮੀਲ ਪੱਥਰ ਹੈ ਅਤੇ ਇਹ ਇਹਨਾਂ ਪਰਿਵਾਰਾਂ ਦੀ ਸਮਾਜਿਕ-ਆਰਥਿਕ ਤਬਦੀਲੀ ਦੀ ਸੋਚ ਉਜਾਗਰ ਕਰਦਾ ਹੈ।

Scroll to Top