July 2, 2024 6:58 pm
ਫਰਮਾਂ ਕੰਪਨੀਆਂ

ਕੇਂਦਰ ਸਰਕਾਰ ਦੀ ਨਕਲੀ ਦਵਾਈਆਂ ‘ਤੇ ਜ਼ੀਰੋ ਟਾਲਰੈਂਸ ਨੀਤੀ, 71 ਫਰਮਾਂ ਕੰਪਨੀਆਂ ਨੂੰ ਨੋਟਿਸ ਜਾਰੀ

ਚੰਡੀਗੜ੍ਹ, 20 ਜੂਨ 2023: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਭਾਰਤ ਨਕਲੀ ਦਵਾਈਆਂ ‘ਤੇ ਜ਼ੀਰੋ-ਟੌਲਰੈਂਸ ਦੀ ਨੀਤੀ ‘ਤੇ ਚੱਲਦਾ ਹੈ ਅਤੇ ਭਾਰਤ ‘ਚ ਬਣੇ ਦੂਸ਼ਿਤ ਖੰਘ ਦੇ ਸਿਰਪ ਕਾਰਨ ਹੋਣ ਵਾਲੀਆਂ ਮੌਤਾਂ ਦੀ ਚਿੰਤਾ ਜ਼ਾਹਰ ਕਰਨ ਤੋਂ ਬਾਅਦ 71 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਅਤੇ ਇਨ੍ਹਾਂ ‘ਚੋਂ 18 ਨੂੰ ਬੰਦ ਕਰਨ ਲਈ ਕਿਹਾ ਗਿਆ ਹੈ।

ਨਿਊਜ਼ ਏਜੰਸੀ ਪੀਟੀਆਈ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਗੁਣਵੱਤਾ ਵਾਲੀਆਂ ਦਵਾਈਆਂ ਦੇ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਜੋਖਮ ਅਧਾਰਤ ਵਿਸ਼ਲੇਸ਼ਣ ਲਗਾਤਾਰ ਕੀਤਾ ਜਾ ਰਿਹਾ ਹੈ।ਇਸਦੇ ਨਾਲ ਹੀ, ਸਰਕਾਰ ਅਤੇ ਰੈਗੂਲੇਟਰ ਇਹ ਯਕੀਨੀ ਬਣਾਉਣ ਲਈ ਹਮੇਸ਼ਾ ਚੌਕਸ ਰਹਿੰਦੇ ਹਨ ਕਿ ਕਿਸੇ ਦੀ ਵੀ ਜਾਅਲੀ ਦਵਾਈਆਂ ਨਾਲ ਮੌਤ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੀ ਫਾਰਮੇਸੀ ਹਾਂ ਅਤੇ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਦੁਨੀਆ ਦੀ ‘ਕੁਆਲਿਟੀ ਵਾਲੀ ਫਾਰਮੇਸੀ’ ਹਾਂ।

ਇਸ ਸਾਲ ਫਰਵਰੀ ਵਿੱਚ ਤਾਮਿਲਨਾਡੂ ਸਥਿਤ ਗਲੋਬਲ ਫਾਰਮਾ ਹੈਲਥਕੇਅਰ ਨੇ ਆਪਣੀਆਂ ਅੱਖਾਂ ਦੀਆਂ ਬੂੰਦਾਂ ਦੀ ਪੂਰੀ ਖੇਪ ਵਾਪਸ ਮੰਗਵਾਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ, ਗੈਂਬੀਆ ਅਤੇ ਉਜ਼ਬੇਕਿਸਤਾਨ ਵਿੱਚ ਕ੍ਰਮਵਾਰ 66 ਅਤੇ 18 ਬੱਚਿਆਂ ਦੀ ਮੌਤ ਕਥਿਤ ਤੌਰ ‘ਤੇ ਭਾਰਤ ਵਿੱਚ ਬਣੇ ਖੰਘ ਦੇ ਸ਼ਿਰਪ ਕਾਰਨ ਹੋਈ ਸੀ।

ਭਾਰਤ ਨੇ 2022-23 ਵਿੱਚ 17.6 ਬਿਲੀਅਨ ਡਾਲਰ ਦੇ ਖੰਘ ਦੇ ਸਿਰਪ ਦਾ ਨਿਰਯਾਤ ਕੀਤਾ, ਜਦੋਂ ਕਿ 2021-22 ਵਿੱਚ ਇਹ 17 ਬਿਲੀਅਨ ਡਾਲਰ ਦਾ ਸੀ। ਸਮੁੱਚੇ ਤੌਰ ‘ਤੇ ਭਾਰਤ ਵਿਸ਼ਵ ਪੱਧਰ ‘ਤੇ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਪਲਾਇਰ ਹੈ, ਜੋ ਵੱਖ-ਵੱਖ ਟੀਕਿਆਂ ਦੀ ਵਿਸ਼ਵ ਮੰਗ ਦਾ 50 ਪ੍ਰਤੀਸ਼ਤ ਤੋਂ ਵੱਧ ਸਪਲਾਈ ਕਰਦਾ ਹੈ। ਇਸ ਤੋਂ ਇਲਾਵਾ, ਇਹ ਅਮਰੀਕਾ ਵਿੱਚ ਲਗਭਗ 40 ਪ੍ਰਤੀਸ਼ਤ ਜੈਨਰਿਕ ਦਵਾਈਆਂ ਅਤੇ ਯੂਕੇ ਵਿੱਚ ਲਗਭਗ 25 ਪ੍ਰਤੀਸ਼ਤ ਦਵਾਈਆਂ ਦੀ ਸਪਲਾਈ ਕਰਦਾ ਹੈ।

ਮਨਸੁਖ ਮਾਂਡਵੀਆ ਨੇ ਕਿਹਾ ਕਿ ਜਦੋਂ ਵੀ ਭਾਰਤੀ ਦਵਾਈਆਂ ਬਾਰੇ ਕੁਝ ਸਵਾਲ ਉੱਠਦੇ ਹਨ ਤਾਂ ਸਾਨੂੰ ਤੱਥਾਂ ਦੀ ਤਹਿ ਤੱਕ ਜਾਣ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਗੈਂਬੀਆ ਵਿੱਚ ਇਹ ਕਿਹਾ ਗਿਆ ਸੀ ਕਿ 49 ਬੱਚਿਆਂ ਦੀ ਮੌਤ ਹੋ ਗਈ ਸੀ। ਡਬਲਯੂਐਚਓ ਵਿੱਚ ਕਿਸੇ ਨੇ ਇਹ ਕਿਹਾ ਅਤੇ ਅਸੀਂ ਉਨ੍ਹਾਂ ਨੂੰ ਲਿਖਿਆ ਕਿ ਅਸਲੀਅਤ ਕੀ ਹੈ। ਕੋਈ ਵੀ ਸਾਡੇ ਕੋਲ ਤੱਥਾਂ ਦੇ ਨਾਲ ਵਾਪਸ ਨਹੀਂ ਆਇਆ | ਉਨ੍ਹਾਂ ਕਿਹਾ ਕਿ ਅਸੀਂ ਇੱਕ ਕੰਪਨੀ ਦੇ ਸੈਂਪਲ ਚੈੱਕ ਕੀਤੇ। ਅਸੀਂ ਮੌਤ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਬੱਚਿਆਂ ਨੂੰ ਡਾਇਰੀਆ ਸੀ। ਡਾਇਰੀਆ ਵਾਲੇ ਬੱਚੇ ਲਈ ਖੰਘ ਦੇ ਸ਼ਿਰਪ ਦੀ ਸਿਫ਼ਾਰਸ਼ ਕਿਸਨੇ ਕੀਤੀ?

ਕੇਂਦਰੀ ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਕੁੱਲ 24 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ ਚਾਰ ਫੇਲ੍ਹ ਹੋ ਗਏ ਸਨ। ਸਵਾਲ ਇਹ ਹੈ ਕਿ ਕੀ ਇੱਕ ਖੇਪ ਸਿਰਫ਼ ਨਿਰਯਾਤ ਲਈ ਬਣਾਈ ਗਈ ਸੀ ਅਤੇ ਜੇਕਰ ਇਹ ਅਸਫਲ ਹੋ ਜਾਂਦੀ ਹੈ, ਤਾਂ ਸਾਰੇ ਨਮੂਨੇ ਫੇਲ ਹੋ ਜਾਣਗੇ। ਇਹ ਸੰਭਵ ਨਹੀਂ ਹੈ ਕਿ 20 ਸੈਂਪਲ ਪਾਸ ਹੋਣ ਅਤੇ ਚਾਰ ਸੈਂਪਲ ਫੇਲ੍ਹ ਹੋਣ। ਫਿਰ ਵੀ ਅਸੀਂ ਸੁਚੇਤ ਹਾਂ। ਸਾਡੇ ਦੇਸ਼ ਵਿੱਚ ਗੁਣਵੱਤਾ ਵਾਲੀਆਂ ਦਵਾਈਆਂ ਦਾ ਉਤਪਾਦਨ ਯਕੀਨੀ ਬਣਾਉਣ ਲਈ ਅਸੀਂ ਜੋਖਮ ਅਧਾਰਤ ਵਿਸ਼ਲੇਸ਼ਣ ਜਾਰੀ ਰੱਖ ਰਹੇ ਹਾਂ।