ਚੰਡੀਗੜ੍ਹ, 2 ਫਰਵਰੀ 2024: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਮ ਆਦਮੀ ਨੂੰ ਰਾਹਤ ਦੇਣ ਲਈ ਅਗਲੇ ਹਫਤੇ ਤੋਂ ਪ੍ਰਚੂਨ ਬਾਜ਼ਾਰ ‘ਚ ‘ਭਾਰਤ ਰਾਈਸ’ (Bharat Rice) ਬ੍ਰਾਂਡ ਦੇ ਤਹਿਤ 29 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਚੌਲ ਵੇਚੇਗੀ। ਕੇਂਦਰ ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਵਪਾਰੀਆਂ ਨੂੰ ਚੌਲਾਂ ਦੇ ਸਟਾਕ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੇ ਨਿਰਯਾਤ ‘ਤੇ ਪਾਬੰਦੀ ਦੇ ਬਾਵਜੂਦ ਪਿਛਲੇ ਇਕ ਸਾਲ ‘ਚ ਚੌਲਾਂ ਦੀਆਂ ਪ੍ਰਚੂਨ ਅਤੇ ਥੋਕ ਕੀਮਤਾਂ ‘ਚ ਕਰੀਬ 15 ਫੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਦੋ ਸਹਿਕਾਰੀ ਸਭਾਵਾਂ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ. ਸੀ. ਸੀ. ਐੱਫ.) ਦੇ ਨਾਲ-ਨਾਲ ਰਿਟੇਲ ਚੇਨ ਰਾਹੀਂ ਪ੍ਰਚੂਨ ਬਾਜ਼ਾਰ ਵਿੱਚ ਉਤਪਾਦ ਦਾ ਮੰਡੀਕਰਨ ਸ਼ੁਰੂ ਕਰ ਦਿੱਤਾ ਹੈ। ਸਬਸਿਡੀ ਵਾਲੇ ‘ਭਾਰਤ ਰਾਈਸ’ (Bharat Rice) 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਚਾਵਲ ਨੂੰ ਈ-ਕਾਮਰਸ ਪਲੇਟਫਾਰਮ ‘ਤੇ ਵੀ ਵੇਚਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਭਾਰਤ ਚੌਲ 5 ਕਿਲੋ ਅਤੇ 10 ਕਿਲੋ ਦੇ ਪੈਕ ਵਿੱਚ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਚੋਪੜਾ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਸਰਕਾਰ ਨੇ ਪ੍ਰਚੂਨ ਬਾਜ਼ਾਰ ਵਿੱਚ ਵਿਕਰੀ ਲਈ ਪੰਜ ਲੱਖ ਟਨ ਚੌਲ ਅਲਾਟ ਕੀਤੇ ਹਨ। ਸਰਕਾਰ ਪਹਿਲਾਂ ਹੀ ਭਾਰਤ ਆਟਾ 27.50 ਰੁਪਏ ਪ੍ਰਤੀ ਕਿਲੋ ਅਤੇ ਭਾਰਤ ਦਾਲ (ਚੰਨਾ) 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ।
ਬਾਜ਼ਾਰ ਦੀਆਂ ਅਫਵਾਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਚੋਪੜਾ ਨੇ ਕਿਹਾ ਕਿ ਸਰਕਾਰ ਦੀ ਫਿਲਹਾਲ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਘੱਟ ਹੋਣ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ। ਚੋਪੜਾ ਨੇ ਕਿਹਾ ਕਿ ਮੰਤਰਾਲਾ ਆਦੇਸ਼ ਜਾਰੀ ਕਰ ਰਿਹਾ ਹੈ, ਪ੍ਰਚੂਨ ਵਿਕਰੇਤਾਵਾਂ, ਥੋਕ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਨੂੰ ਹਰ ਸ਼ੁੱਕਰਵਾਰ ਨੂੰ ਪੋਰਟਲ ‘ਤੇ ਚੌਲਾਂ ਦੇ ਸਟਾਕ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦੇ ਰਿਹਾ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਸਰਕਾਰ ਚੌਲਾਂ ਦੇ ਸਟਾਕ ‘ਤੇ ਕੋਈ ਸੀਮਾ ਲਗਾਏਗੀ, ਉਨ੍ਹਾਂ ਨੇ ਕਿਹਾ ਕਿ ਕੀਮਤ ਘਟਾਉਣ ਲਈ ਸਾਰੇ ਵਿਕਲਪ ਖੁੱਲ੍ਹੇ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਸਰਕਾਰ ਚੌਲਾਂ ਦੀ ਸਟਾਕ ਸੀਮਾ ਤੈਅ ਕਰਨ ‘ਤੇ ਵਿਚਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਚੌਲਾਂ ਨੂੰ ਛੱਡ ਕੇ ਸਾਰੀਆਂ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਕਾਬੂ ਹੇਠ ਹਨ।
ਚੌਲਾਂ ਦੀਆਂ ਕੀਮਤਾਂ ‘ਤੇ ਨਜ਼ਰ ਰੱਖਣ ਲਈ, ਸਰਕਾਰ ਨੇ ਰਿਟੇਲਰਾਂ, ਥੋਕ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਨੂੰ ਅਗਲੇ ਸ਼ੁੱਕਰਵਾਰ ਤੋਂ ਸਰਕਾਰੀ ਪੋਰਟਲ ‘ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੇ ਸਟਾਕ ਦਾ ਖੁਲਾਸਾ ਕਰਨ ਦੀ ਸਲਾਹ ਦਿੱਤੀ ਹੈ। ਚੌਲ ਭਾਵੇਂ ਬਾਸਮਤੀ ਹੈ ਜਾਂ ਗੈਰ-ਬਾਸਮਤੀ ਜਾਂ ਫਿਰ ਟੁੱਟੇ ਹੋਏ ਚੌਲ, ਵਪਾਰੀਆਂ ਨੂੰ ਸਰਕਾਰੀ ਪੋਰਟਲ ‘ਤੇ ਇਸ ਦਾ ਖੁਲਾਸ਼ਾ ਕਰਨਾ ਹੋਵੇਗਾ।