FM Radio stations

ਕੇਂਦਰ ਸਰਕਾਰ ਜਲਦ 808 FM ਰੇਡੀਓ ਸਟੇਸ਼ਨਾਂ ਦੀ ਈ-ਨਿਲਾਮੀ ਕਰੇਗੀ: ਅਨੁਰਾਗ ਠਾਕੁਰ

ਚੰਡੀਗੜ੍ਹ, 24 ਜੁਲਾਈ 2023: ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਵਿੱਚ ਦੋ ਰੋਜ਼ਾ ਖੇਤਰੀ ਕਮਿਊਨਿਟੀ ਰੇਡੀਓ ਸੰਮੇਲਨ (ਉੱਤਰ) ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ 8ਵਾਂ ਅਤੇ 9ਵਾਂ ਨੈਸ਼ਨਲ ਕਮਿਊਨਿਟੀ ਰੇਡੀਓ ਐਵਾਰਡ ਪ੍ਰਦਾਨ ਕੀਤਾ। ਪੁਰਸਕਾਰ ਜੇਤੂਆਂ ਵਿੱਚ ਹਰਿਆਣਾ, ਬਿਹਾਰ, ਉੜੀਸਾ, ਉੱਤਰ ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ, ਰਾਜਸਥਾਨ ਅਤੇ ਤ੍ਰਿਪੁਰਾ ਰਾਜਾਂ ਵਿੱਚ ਸਥਿਤ ਕਮਿਊਨਿਟੀ ਰੇਡੀਓ ਸਟੇਸ਼ਨ ਸ਼ਾਮਲ ਸਨ।

ਇਸ ਮੌਕੇ ‘ਤੇ ਅਨੁਰਾਗ ਨੇ ਕਿਹਾ, ਕਮਿਊਨਿਟੀ ਰੇਡੀਓ ਸਟੇਸ਼ਨ ਜਨਤਕ ਭਾਗੀਦਾਰੀ ਨਾਲ ਜਨ ਅੰਦੋਲਨ ਦੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸਟੇਸ਼ਨ ਆਲ ਇੰਡੀਆ ਰੇਡੀਓ ਦੇ ਯਤਨਾਂ ਦੀ ਪੂਰਤੀ ਕਰਦੇ ਹਨ। ਉਨ੍ਹਾਂ ਨੇ ਆਫ਼ਤਾਂ ਦੌਰਾਨ ਸਰੋਤਿਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਹੀ 284 ਸ਼ਹਿਰਾਂ ਵਿੱਚ 808 ਐਫਐਮ ਰੇਡੀਓ ਸਟੇਸ਼ਨਾਂ (FM Radio stations)  ਈ-ਨਿਲਾਮੀ ਕਰੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਰੇਡੀਓ ਸਟੇਸ਼ਨਾਂ ਖਾਸ ਕਰਕੇ ਕਮਿਊਨਿਟੀ ਰੇਡੀਓ ਨੂੰ ਚਲਾਉਣ ਲਈ ਲੋੜੀਂਦੇ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ। ਇਸ ਦੇ ਲਈ ਨਿਯਮਾਂ ਦੀ ਗਿਣਤੀ 13 ਤੋਂ ਘਟਾ ਕੇ 8 ਕਰ ਦਿੱਤੀ ਗਈ ਹੈ ਅਤੇ ਲਾਇਸੈਂਸ ਦੇਣ ਦਾ ਸਮਾਂ ਚਾਰ ਸਾਲ ਤੋਂ ਘਟਾ ਕੇ ਛੇ ਮਹੀਨੇ ਕਰ ਦਿੱਤਾ ਗਿਆ ਹੈ। ਅਨੁਰਾਗ ਨੇ ਕਿਹਾ, ਦੇਸ਼ ਵਿੱਚ ਇਸ ਸਮੇਂ 26 ਸੂਬਿਆਂ ਅਤੇ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 113 ਸ਼ਹਿਰਾਂ ਵਿੱਚ 388 ਐਫਐਮ ਰੇਡੀਓ ਸਟੇਸ਼ਨ ਹਨ। ਅੱਜ, ਰੇਡੀਓ ਨੇ ਦੇਸ਼ ਦੇ 80% ਭੂਗੋਲਿਕ ਖੇਤਰ ਅਤੇ 90% ਤੋਂ ਵੱਧ ਆਬਾਦੀ ਨੂੰ ਕਵਰ ਕੀਤਾ ਹੈ। ਕੇਂਦਰ ਸਰਕਾਰ ਇਸ ਪਹੁੰਚ ਨੂੰ ਹੋਰ ਵਧਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ 120 ਤੋਂ ਵੱਧ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਜੋੜਿਆ ਗਿਆ ਹੈ, ਜਿਸ ਨਾਲ ਮੰਤਰਾਲੇ ਕੋਲ ਇਨ੍ਹਾਂ ਦੀ ਕੁੱਲ ਗਿਣਤੀ 450 ਤੋਂ ਵੱਧ ਹੋ ਗਈ ਹੈ।

Scroll to Top