ਦਿੱਲੀ, 08 ਦਸੰਬਰ 2025: ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਇੰਡੀਗੋ ਦੇ ਸੰਚਾਲਨ ਸੰਕਟ ਦਾ ਮੁੱਦਾ ਉਠਾਇਆ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਇੰਡੀਗੋ ਦੇ ਸੰਚਾਲਨ ‘ਚ ਵਿਘਨ ਕਾਰਨ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ ਦੇ ਫਲੋਰ ਤੋਂ ਦੱਸਣਾ ਚਾਹੀਦਾ ਹੈ ਕਿ ਉਹ ਸੰਕਟ ਨੂੰ ਹੱਲ ਕਰਨ ਲਈ ਕੀ ਕਦਮ ਚੁੱਕ ਰਹੀ ਹੈ। ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਇੰਡੀਗੋ ਦਾ ਮੁੱਦਾ ਉਠਾਉਂਦੇ ਹੋਏ, ਗੋਗੋਈ ਨੇ ਸਰਕਾਰ ਨੂੰ ਇਹ ਦੱਸਣ ਲਈ ਕਿਹਾ ਕਿ ਹਵਾਬਾਜ਼ੀ ਮੰਤਰਾਲਾ ਸੰਕਟ ਨੂੰ ਹੱਲ ਕਰਨ ਲਈ ਕੀ ਉਪਾਅ ਕਰ ਰਿਹਾ ਹੈ।
ਇਸ ਮੌਕੇ ਸਪੀਕਰ ਓਮ ਬਿਰਲਾ ਨੇ ਗੋਗੋਈ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸਦਨ ‘ਚ ਆ ਕੇ ਸਵਾਲ ਦਾ ਜਵਾਬ ਦੇਣਗੇ। ਉਹ ਅੱਜ ਲੋਕ ਸਭਾ ‘ਚ ਮੌਜੂਦ ਨਹੀਂ ਸਨ। ਸੋਮਵਾਰ ਨੂੰ 350 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ‘ਚ ਸੋਮਵਾਰ ਸਵੇਰੇ 8 ਵਜੇ ਤੱਕ ਅਹਿਮਦਾਬਾਦ ਹਵਾਈ ਅੱਡੇ ‘ਤੇ ਇੰਡੀਗੋ ਦੀਆਂ 18 ਉਡਾਣਾਂ ਸ਼ਾਮਲ ਹਨ। ਬੰਗਲੁਰੂ ਹਵਾਈ ਅੱਡੇ ‘ਤੇ 127, ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 77 ਅਤੇ ਦਿੱਲੀ ਹਵਾਈ ਅੱਡੇ ‘ਤੇ 134 ਉਡਾਣਾਂ ਰੱਦ ਕੀਤੀਆਂ ਗਈਆਂ।
ਚੇਨਈ, ਅਹਿਮਦਾਬਾਦ ਅਤੇ ਅਸਾਮ ਦੇ ਹਵਾਈ ਅੱਡਿਆਂ ਦੇ ਟਰਮੀਨਲ ਖੇਤਰਾਂ ‘ਚ ਭਾਰੀ ਭੀੜ-ਭੜੱਕਾ ਹੋ ਰਿਹਾ ਹੈ। ਪਿਛਲੇ ਹਫ਼ਤੇ, ਇੰਡੀਗੋ ਦੀਆਂ ਲਗਭੱਗ 4,000 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਦੀ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਰਕਾਰੀ ਦਖਲਅੰਦਾਜ਼ੀ ਦੇ ਬਾਵਜੂਦ, ਸਥਿਤੀ ਅਜੇ ਤੱਕ ਆਮ ਵਾਂਗ ਨਹੀਂ ਹੋਈ ਹੈ।
ਇੰਡੀਗੋ ਏਅਰਲਾਈਨਜ਼ ਨੇ ਡੀਜੀਸੀਏ ਦੇ ਨੋਟਿਸ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ। ਡੀਜੀਸੀਏ ਨੇ ਸ਼ਨੀਵਾਰ, 6 ਦਸੰਬਰ ਨੂੰ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇੰਡੀਗੋ ਦੇ ਸੰਚਾਲਨ ਸੰਕਟ ਦਾ ਜਵਾਬ ਮੰਗਿਆ ਹੈ।
Read More: ਸੁਪਰੀਮ ਕੋਰਟ ਵੱਲੋਂ ਇੰਡੀਗੋ ਸੰਕਟ ਮਾਮਲੇ ‘ਚ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ




