ਨਵੀਂ ਦਿੱਲੀ, 21 ਜੁਲਾਈ 2025: ਮਾਨਸੂਨ ਸ਼ੈਸ਼ਨ 2025: ਕੇਂਦਰ ਸਰਕਾਰ ਨੇ ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਰਿਪੋਰਟ ‘ਚ ਪੱਖਪਾਤ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੰਸਦ ‘ਚ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਇੱਕ ਵਿਸਤ੍ਰਿਤ, ਨਿਯਮ-ਅਧਾਰਤ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ ਅਤੇ ਪੂਰੀ ਤਰ੍ਹਾਂ ਨਿਰਪੱਖ ਹੈ। ਜਾਂਚ ਨਿਯਮਾਂ ਮੁਤਾਬਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੀਡੀਆ AAIB ਰਿਪੋਰਟ ਬਾਰੇ ਮਨਘੜਤ ਗੱਲਾਂ ਘੜ ਰਿਹਾ ਹੈ।
ਰਾਜ ਸਭਾ ‘ਚ ਪ੍ਰਸ਼ਨ ਕਾਲ ਦੌਰਾਨ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਏਅਰ ਇੰਡੀਆ ਹਾਦਸੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਸੱਚਾਈ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਾਂ, ਕਿਸੇ ਹੋਰ ਚੀਜ਼ ਦੇ ਨਾਲ ਨਹੀਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਏਅਰ ਇੰਡੀਆ ਜਹਾਜ਼ ਹਾਦਸੇ ‘ਚ ਅਸਲ ‘ਚ ਕੀ ਹੋਇਆ ਸੀ ਅਤੇ ਇਹ AAIB ਦੀ ਅੰਤਿਮ ਜਾਂਚ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਰਾਜ ਸਭਾ ‘ਚ ਵਿਰੋਧੀ ਧਿਰ ਨੇ ਏਅਰ ਇੰਡੀਆ ਹਾਦਸੇ ਬਾਰੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ, ਨਾਇਡੂ ਨੇ ਕਿਹਾ ਕਿ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਪਾਰਦਰਸ਼ੀ ਢੰਗ ਨਾਲ ਜਾਂਚ ਕਰ ਰਿਹਾ ਹੈ। ਮੈਂ ਬਹੁਤ ਸਾਰੀਆਂ ਰਿਪੋਰਟਾਂ ਦੇਖੀਆਂ ਹਨ, ਜਿਸ ‘ਚ ਵਿਦੇਸ਼ੀ ਮੀਡੀਆ ਨੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ AAIB ਹਾਦਸਾਗ੍ਰਸਤ ਏਅਰ ਇੰਡੀਆ ਜਹਾਜ਼ ਦੇ ਬਲੈਕ ਬਾਕਸ ਤੋਂ ਡੇਟਾ ਨੂੰ ਡੀਕੋਡ ਕਰਨ ‘ਚ ਸਫਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਹਾਜ਼ ਹਾਦਸੇ ਦੇ ਕਾਰਨਾਂ ਬਾਰੇ ਕੋਈ ਵੀ ਸਿੱਟਾ ਕੱਢਣਾ ਸਮੇਂ ਤੋਂ ਪਹਿਲਾਂ ਹੋਵੇਗਾ, ਕਿਉਂਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਅੰਤਿਮ ਰਿਪੋਰਟ ਮੂਲ ਕਾਰਨਾਂ ਦੇ ਨਾਲ ਸਾਹਮਣੇ ਆਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਸਾਰਿਆਂ ਨੂੰ ਸਮੇਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ।
AAIB ਦੀ ਪਹਿਲੀ ਰਿਪੋਰਟ ‘ਚ ਕੀ ਹੈ?
ਏ.ਏ.ਆਈ.ਬੀ ਜੋ 12 ਜੂਨ ਨੂੰ ਅਹਿਮਦਾਬਾਦ ‘ਚ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਕਰ ਰਿਹਾ ਹੈ, ਨੇ ਆਪਣੀ ਮੁੱਢਲੀ ਰਿਪੋਰਟ ‘ਚ ਕਿਹਾ ਹੈ ਕਿ ਹਾਦਸਾਗ੍ਰਸਤ ਬੋਇੰਗ ਡ੍ਰੀਮਲਾਈਨਰ ਜਹਾਜ਼ ਦੇ ਦੋਵੇਂ ਇੰਜਣ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਬੰਦ ਹੋ ਗਏ ਸਨ ਕਿਉਂਕਿ ਈਂਧਨ ਦੀ ਸਪਲਾਈ ਬੰਦ ਹੋ ਗਈ ਸੀ। ਏਅਰ ਇੰਡੀਆ ਜਹਾਜ਼ ਦੇ ਬਲੈਕ ਬਾਕਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਡਾਣ ਦੇ ਆਖਰੀ ਪਲਾਂ ‘ਚ, ਕਾਕਪਿਟ ਵੌਇਸ ਰਿਕਾਰਡਰ ਨੇ ਖੁਲਾਸਾ ਕੀਤਾ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਨ੍ਹਾਂ ਨੇ ਬਾਲਣ ਸਵਿੱਚ ਕਿਉਂ ਬੰਦ ਕਰ ਦਿੱਤਾ? ਇਸ ‘ਤੇ ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ।
ਜਾਂਚ ਤੋਂ ਪਤਾ ਲੱਗਾ ਕਿ ਉਡਾਣ ਭਰਨ ਤੋਂ ਤੁਰੰਤ ਬਾਅਦ ਬਾਲਣ ਸਵਿੱਚ ਕੱਟਆਫ ‘ਚ ਬਦਲ ਦਿੱਤੇ ਗਏ ਸਨ, ਜਿਸ ਨਾਲ ਜਹਾਜ਼ ਦੇ ਇੰਜਣਾਂ ਨੂੰ ਈਂਧਨ ਦੀ ਸਪਲਾਈ ਬੰਦ ਹੋ ਗਈ ਸੀ। ਜਿਸਨੂੰ ਹਾਦਸੇ ਦੇ ਮੁੱਖ ਕਾਰਨਾਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ।
Read More: ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ, ਰਾਜ ਸਭਾ ਦੇ ਪੰਜ ਮੈਂਬਰਾਂ ਨੇ ਚੁੱਕੀ ਸਹੁੰ