ਚੰਡੀਗੜ੍ਹ, 23 ਜੂਨ 2025: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਰਸੋਈ ਪ੍ਰਬੰਧ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਵਿੱਤੀ ਸਾਲ 2024-25 ਲਈ ਪੰਜਾਬ ਨੂੰ ਕੁੱਲ 26.57 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਫੰਡ ਦਾ ਇਸਤੇਮਾਲ ਸਕੂਲ ਰਸੋਈਆਂ ‘ਚ ਵਰਤੇ ਜਾ ਰਹੇ ਪੁਰਾਣੇ ਉਪਕਰਣਾਂ ਨੂੰ ਬਦਲਣਾ ਅਤੇ ਨਵੀਆਂ ਜ਼ਰੂਰੀ ਚੀਜ਼ਾਂ ਖਰੀਦਣਾ ਹੈ, ਤਾਂ ਜੋ ਮਿਡ-ਡੇਅ ਮੀਲ ਦੀ ਗੁਣਵੱਤਾ ਅਤੇ ਸੰਚਾਲਨ ‘ਚ ਸੁਧਾਰ ਕੀਤਾ ਜਾ ਸਕੇ।
ਪੰਜਾਬ ਦੇ 23 ਜ਼ਿਲ੍ਹਿਆਂ ਦੇ 18,991 ਸਕੂਲਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਨ੍ਹਾਂ ‘ਚੋਂ 214 ਸਕੂਲਾਂ ‘ਚ ਨਵੇਂ ਰਸੋਈ ਉਪਕਰਣ ਖਰੀਦੇ ਜਾਣਗੇ, ਜਦੋਂ ਕਿ 18,777 ਸਕੂਲਾਂ ‘ਚ ਪੁਰਾਣੇ ਉਪਕਰਣ ਬਦਲੇ ਜਾਣਗੇ। ਸਕੂਲਾਂ ‘ਚ ਹਰ ਰੋਜ਼ ਲਗਭਗ 15.24 ਲੱਖ ਬੱਚਿਆਂ ਨੂੰ ਮਿਡ-ਡੇਅ ਮੀਲ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਹ ਸਹਾਇਤਾ ਉਨ੍ਹਾਂ ਦੇ ਸਿਹਤ ਅਤੇ ਪੋਸ਼ਣ ਪੱਧਰ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਯਤਨ ਹੈ।
ਇਸ ਗ੍ਰਾਂਟ ਨਾਲ, ਸਕੂਲਾਂ ‘ਚ ਗੈਸ ਚੁੱਲ੍ਹੇ, ਐਲਪੀਜੀ ਸਿਲੰਡਰ, ਵੱਡੇ ਭਾਂਡੇ, ਪਾਣੀ ਦੇ ਡਰੰਮ ਅਤੇ ਹੋਰ ਜ਼ਰੂਰੀ ਉਪਕਰਣ ਖਰੀਦੇ ਜਾਂ ਬਦਲੇ ਜਾਣਗੇ। ਫੰਡ ਸਕੂਲਾਂ ਦੀ ਗਿਣਤੀ ਅਤੇ ਸਥਾਨਕ ਜ਼ਰੂਰਤਾਂ ਦੇ ਆਧਾਰ ‘ਤੇ ਅਲਾਟ ਕੀਤੇ ਗਏ ਹਨ। ਲੁਧਿਆਣਾ ਜ਼ਿਲ੍ਹਾ ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭਪਾਤਰੀ ਬਣ ਗਿਆ ਹੈ। ਨਵਾਂਸ਼ਹਿਰ ਜ਼ਿਲ੍ਹੇ ਨੂੰ ਨਵੇਂ ਉਪਕਰਣਾਂ ਦੀ ਖਰੀਦ ਲਈ ਸਭ ਤੋਂ ਵੱਧ 11.35 ਲੱਖ ਰੁਪਏ ਦੀ ਰਕਮ ਪ੍ਰਾਪਤ ਹੋਈ ਹੈ।
ਇਸਦੇ ਨਾਲ ਹੀ ਸੰਗਰੂਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਮੋਗਾ, ਪਟਿਆਲਾ, ਰੋਪੜ ਅਤੇ ਐਸਏਐਸ ਨਗਰ ਸਮੇਤ ਕੁੱਲ 13 ਜ਼ਿਲ੍ਹਿਆਂ ਨੂੰ ਸਿਰਫ਼ ਪੁਰਾਣੇ ਉਪਕਰਣਾਂ ਨੂੰ ਬਦਲਣ ਲਈ ਫੰਡ ਪ੍ਰਾਪਤ ਹੋਏ ਹਨ।
ਇਸ ਫੈਸਲੇ ਤੋਂ ਪਹਿਲਾਂ ਪੰਜਾਬ ਸਰਕਾਰ ਦੁਆਰਾ ਇੱਕ ਵਿਸਤ੍ਰਿਤ ਸਰਵੇਖਣ ਕੀਤਾ ਗਿਆ ਸੀ, ਜਿਸ ‘ਚ ਸਕੂਲ ਦੀ ਰਸੋਈ ‘ਚ ਮੌਜੂਦ ਉਪਕਰਣਾਂ ਦੀ ਸਥਿਤੀ, ਵਰਤੋਂ ਅਤੇ ਜ਼ਰੂਰਤ ਦਾ ਮੁਲਾਂਕਣ ਕੀਤਾ ਗਿਆ ਸੀ। ਇਸ ਰਿਪੋਰਟ ਦੇ ਆਧਾਰ ‘ਤੇ, ਕੇਂਦਰ ਤੋਂ ਫੰਡਾਂ ਦੀ ਮੰਗ ਕੀਤੀ ਗਈ ਸੀ ਅਤੇ ਸੂਚੀ ਅਨੁਸਾਰ ਰਕਮ ਜਾਰੀ ਕੀਤੀ ਗਈ ਸੀ।
Read More: ਹਰਪਾਲ ਸਿੰਘ ਚੀਮਾ ਵੱਲੋਂ ਮੋਹਾਲੀ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ