ਹਰਪਾਲ ਸਿੰਘ ਚੀਮਾ

ਕੇਂਦਰ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਵਿਤਕਰਾ, ਪੇਂਡੂ ਵਿਕਾਸ ਫੰਡ ਨੂੰ ਰੋਕਣਾ ਉਨ੍ਹਾਂ ਦੀ ਸੂਬੇ ਪ੍ਰਤੀ ਬਦਨੀਤੀ ਦਾ ਤਾਜ਼ਾ ਸਬੂਤ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਮਈ 2023: ਭਾਜਪਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਅਤੇ ਕਿਸਾਨ ਵਿਰੋਧੀ ਹਨ। ਭਾਜਪਾ ਦੀ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬਦਲਾਖ਼ੋਰੀ ਦੀ ਭਾਵਨਾ ਹੈ ਅਤੇ ਆਰਡੀਐੱਫ ਨੂੰ ਮੁਅੱਤਲ ਕਰਨਾ ਰਾਜ ਨਾਲ ਉਨ੍ਹਾਂ ਦਾ ਤਾਜ਼ਾ ਵਿਤਕਰਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਮੁਅੱਤਲ ਕਰਨ ਲਈ ਕੇਂਦਰ ਸਰਕਾਰ ਅਤੇ ਭਾਜਪਾ ਪੰਜਾਬ ਦੀ ਲੀਡਰਸ਼ਿਪ ਨੂੰ ਘੇਰਦਿਆਂ ਹੋਇਆਂ ਪ੍ਰਗਟ ਕੀਤਾ।

ਵੀਰਵਾਰ ਨੂੰ ਇੱਥੇ ਜਲੰਧਰ ‘ਚ ‘ਆਪ’ ਆਗੂਆਂ ਨੀਲ ਗਰਗ ਅਤੇ ਅਨਿਲ ਠਾਕੁਰ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਹਰ ਮੋਰਚੇ ਅਤੇ ਸਰਹੱਦ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਹਰ ਸੂਬੇ ਦੇ ਕਿਸਾਨਾਂ ਦਾ ਸਮਰਥਨ ਮਿਲਿਆ ਅਤੇ ਆਖਰਕਾਰ ਭਾਜਪਾ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਆਤਮ ਸਮਰਪਣ ਕਰਨਾ ਪਿਆ ਅਤੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ ਅਤੇ ਉਨ੍ਹਾਂ ਜਾਨਾਂ ਦੇ ਨੁਕਸਾਨ ਲਈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ।

ਆਪਣੀ ਹਾਰ ਨੂੰ ਹਜ਼ਮ ਕਰਨ ਤੋਂ ਅਸਮਰੱਥ ਭਾਜਪਾ ਹੁਣ ਵਾਰ-ਵਾਰ ਪੰਜਾਬ ਦੇ ਹੱਕਾਂ ਅਤੇ ਫੰਡਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹ ਸਾਡੇ ਰਾਜ ਨੂੰ ਵਿੱਤੀ ਅਤੇ ਯੋਜਨਾਬੱਧ ਤੌਰ ਨਾਲ ਕਮਜ਼ੋਰ ਕਰਨਾ ਚਾਹੁੰਦੇ ਹਨ। ਚੀਮਾ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਪਹਿਲਾਂ ਉਹ ਸਾਡੇ ਰਾਜ ਦੇ ਅਧਿਕਾਰਾਂ ‘ਤੇ ਹਮਲਾ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਨੇ ਆਪਣੇ ਅਧਿਕਾਰਤ ਦਸਤਾਵੇਜ਼ ਤੋਂ ਆਰਡੀਐਫ (ਪੇਂਡੂ ਵਿਕਾਸ ਫੰਡ) ਦਾ ਸਾਰਾ ਕਾਲਮ ਹਟਾ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਕਦਮ ਨਾਲ ਪੰਜਾਬ ਨੂੰ 1000 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ, ਇਸ ਪੈਸੇ ਦੀ ਵਰਤੋਂ ਪੰਜਾਬ ਦੇ ਪੇਂਡੂ ਖੇਤਰਾਂ ਦੇ ਨਾਲ-ਨਾਲ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿਕਾਸ ਲਈ ਕੀਤੀ ਜਾਣੀ ਸੀ।

ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਦੇ ਸਾਰੇ ਆਗੂਆਂ ਦੀ ਨਿੰਦਾ ਕਰਦਿਆਂ ਹਰਪਾਲ ਚੀਮਾ ਨੇ ਪੁੱਛਿਆ ਕਿ ਕੀ ਭਾਜਪਾ ਦੇ ਨਵੇਂ ‘ਹੀਰੇ’ ਕੇਂਦਰ ਸਰਕਾਰ ਨੂੰ ਸਵਾਲ ਕਰਨਗੇ? ਕਿਸਾਨ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਸੁਨੀਲ ਜਾਖੜ ਕੀ ਹੁਣ ਕਿਸਾਨਾਂ ਨਾਲ ਖੜਣਗੇ? ਭਾਜਪਾ ਦੀ ਟਿਕਟ ‘ਤੇ ਜਲੰਧਰ ਤੋਂ ਉੱਪ ਚੋਣ ਲੜ ਰਹੇ ਅਟਵਾਲ, ਕੀ ਉਹ ਪੰਜਾਬ ਲਈ ਆਵਾਜ਼ ਉਠਾਉਣਗੇ? ਕੈਪਟਨ ਅਮਰਿੰਦਰ ਸਿੰਘ, ਅਸ਼ਵਨੀ ਕੁਮਾਰ, ਫਤਿਹਜੰਗ ਬਾਜਵਾ ਆਦਿ ਕੀ ਪੰਜਾਬ ਦੇ ਹੱਕਾਂ ਲਈ ਲੜਨਗੇ? ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਹੀ ਭਾਜਪਾ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੇ ਹਨ, ਇਸ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਨੇ ਵੀ ਹਰੀ ਕ੍ਰਾਂਤੀ ਦੀ ਅਗਵਾਈ ਕੀਤੀ ਅਤੇ ਸਾਡੇ ਦੇਸ਼ ਨੂੰ ਅਨਾਜ ਵਿੱਚ ਆਤਮ-ਨਿਰਭਪ ਬਣਾਇਆ। ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਕਿਸਾਨ ਪੱਖੀ ਪਾਰਟੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਿਸਾਨ ਦੇ ਸੱਚੇ ਪੁੱਤਰ ਹਨ, ਇਸੇ ਕਰਕੇ ਜਦੋਂ ਕਿਸਾਨਾਂ ਨੂੰ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਤੁਰੰਤ ਗਿਰਦਾਵਰੀ ਦੇ ਹੁਕਮ ਦਿੱਤੇ ਅਤੇ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਕੀਤੀ।

Scroll to Top