ਪਟਿਆਲਾ 23 ਫਰਵਰੀ 2023: ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸਹਿਯੋਗ ਕਰਦਿਆਂ ਅੱਜ ਦਸਤਖ਼ਤੀ ਮੁਹਿੰਮ ਦਾ ਆਗਾਜ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਕੀਤਾ ਗਿਆ।
‘ਦਸਤਖ਼ਤੀ ਮੁਹਿੰਮ’ ਦੇ ਆਗਾਜ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਸਤਖ਼ਤੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਖੁਦ ‘ਬੰਦੀ ਸਿੱਖਾਂ’ ਦੀ ਰਿਹਾਈ ਵਾਲਾ ਪ੍ਰੋਫਾਰਮਾ ਭਰਿਆ ਅਤੇ ‘ਦਸਤਖ਼ਤੀ ਮੁਹਿੰਮ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਮੈਂਬਰਾਂ ’ਚ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਨਵਤੇਜ ਸਿੰਘ ਕਾਉਣੀ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਤੇ ਦਿਹਾਤੀ ਦੇ ਆਗੂ ਸਾਹਿਬਾਨ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ।
‘ਦਸਤਖ਼ਤੀ ਮੁਹਿੰਮ’ ਦੇ ਆਗਾਜ਼ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ‘ਬੰਦੀ ਸਿੱਖਾਂ’ ਦੇ ਮੁੱਦੇ ’ਤੇ ਸੰਗਤ ਨਾਲ ਕੋਰਾ ਝੂਠ ਬੋਲਕੇ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਦਸਤਖਤੀ ਮੁਹਿੰਮ ਤੋਂ ਕੇਂਦਰ ਦੀ ਸਰਕਾਰ ਡਰੀ ਹੋਈ ਹੈ ਤਾਂ ਹੀ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ (SGPC) ਲਗਾਤਾਰ ਬੰਦੀ ਸਿੱਖਾਂ ਦੀ ਰਿਹਾਈ ਨੂੰ ਜਿਥੇ ਕਾਰਜਸ਼ੀਲ ਹੈ, ਉਥੇ ਹੀ ਕਾਲੇ ਝੋਲੇ ਪਾ ਕੇ, ਮੈਮੋਰੰਡਮ ਰਾਹੀਂ, ਰੋਸ ਮਾਰਚ ਤੋਂ ਬਾਅਦ ‘ਦਸਤਖਤੀ ਮੁਹਿੰਮ’ ਚਲਾਕੇ ਬੰਦੀ ਸਿੱਖ ਛੱਡੇ ਜਾਣ ਦੀ ਮੰਗ ਦੁਹਰਾ ਰਹੀ ਹੈ, ਪ੍ਰੰਤੂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਹਾਸੋਹੀਣਾ ਬਿਆਨ ਦੇ ਕੇ ਅਸਲ ਤੱਥਾਂ ਨੂੰ ਲੁਕਾ ਨਹੀਂ ਸਕਣਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗੁਰਦੁਆਰਿਆਂ ’ਤੇ ਕਾਬਜ਼ ਹੋਣ ਅਤੇ ਸਿੱਖਾਂ ਨੂੰ ਭਰਾ ਮਾਰੂ ਜੰਗ ਲਾਉਣ ਲਈ ਮਨੋਹਰ ਲਾਲ ਖੱਟੜ ਦੀ ਸਰਕਾਰ ਆਪਣਾ ਰੋਲ ਅਦਾ ਕਰ ਰਹੀ ਹੈ ਅਤੇ ਹਰਿਆਣਾ ਦੀ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ’ਤੇ ਕੀਤੇ ਜਾ ਰਹੇ ਕਬਜ਼ਿਆਂ ਨੂੰ ਲੈ ਕੇ ਹੰਗਾਮੀ ਮੀਟਿੰਗ ਸੱਦੀ ਗਈ, ਜਿਸ ਵਿਚ ਅਗਲੀ ਰਣਨੀਤੀ ਤੈਅ ਹੋਵੇਗੀ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਦਸਤਖਤੀ ਮੁਹਿੰਮ ਨੂੰ ਪ੍ਰਚੰਡ ਰੂਪ ਵਿਚ ਚਲਾਇਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਦਸਤਖ਼ਤੀ ਮੁਹਿੰਮ ਨਾਲ ਜੋੜ ਕੇ ਬੰਦੀਆਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਜਾ ਸਕੇ। ਇਸ ਦੌਰਾਨ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼ਹਿਰੀ ਖੇਤਰ ਵਿਚ ਦਸਤਖਤੀ ਮੁਹਿੰਮ ਨੂੰ ਚਲਾਉਣ ਦਾ ਮੰਤਵ ਲੋਕਾਂ ਨੂੰ ਸੁਚੇਤ ਕਰਨਾ ਹੈ ਤਾਂ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਨੂੰ ਜਾਣ ਸਕਣ ਅਤੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਹੋਰ ਤੇਜ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਮੀਤ ਮੈਨੇ. ਭਾਗ ਸਿੰਘ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ, ਮਨਪ੍ਰੀਤ ਸਿੰਘ ਚੱਢਾ,ਵਪਾਰ ਸੈਲ ਦੇ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ,ਗੁਰਿੰਦਰ ਸਿੰਘ ਸ਼ਕਤੀਮਾਨ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਵਿੰਰਪਾਲ ਬੋਬੀ, ਸੰਦੀਪ ਸੰਧੂ, ਸਿਮਰਨ ਗਰੇਵਾਲ, ਗਗਨਦੀਪ ਪੰਨੂੰ, ਹਰਜੀਤ ਸਿੰਘ ਜੀਤੀ, ਮੋਂਟੀ ਗਰੋਵਰ, ਜਗਦੇਵ ਸਿੰਘ ਢੀਂਡਸਾ, ਨਿਸ਼ਾਨ ਲਾਲ, ਦਵਿੰਦਰ ਸਿੰਘ ਖੰਗੂੜਾ, ਸ਼ੇਰਾ ਸਿੰਘ, ਨਵਨੀਤ ਵਾਲੀਆ, ਅਮਰਜੀਤ ਸਿੰਘ,ਕੈਪਟਨ ਰਛਪਾਲ ਸਿੰਘ, ਮੁਖਤਿਆਰ ਸਿੰਘ ਸੰਧੂ, ਜਸਮੇਰ ਸਿੰਘ, ਗੁਰਨਾਮ ਸਿੰਘ, ਜਸਵੰਤ ਬਾਜਵਾ, ਨੀਰਜ ਠਾਕੁਰ, ਹਰਕਮਲ ਸਿੰਘ, ਮਨਪ੍ਰੀਤ ਸਿੰਘ ਲੱਕੀ, ਪਰਮਿੰਦਰ ਸਿੰਘ, ਜਸਬੀਰ ਸਿੰਘ, ਮਹਿੰਦਰਪਾਲ ਸਿੰਘ ਸਾਹਨੀ, ਹਰਜੋਤ ਸਿੰਘ, ਤਰਲੋਚਨ ਸਿੰਘ ਨਿਰਪਾਲ ਸਿੰਘ, ਅਮਰੀਕ ਸਿੰਘ, ਕੇਵਲ ਕੁਮਾਰ, ਮੋਨੂੰ ਰੱਖੜਾ, ਕਿੰਨੀ ਅਟਵਾਲ, ਅਮਰਜੀਤ ਸਿੰਘ ਲਾਂਬਾ,ਜਸਵਿੰਦਰ ਸੰਘ ਟਵਿੰਕਲ, ਐਮ.ਸਿੰਘ ਸੋਢੀ, ਸ਼ੁਭਮ ਸੰਜੀਵ ਆਦਿ ਵੱਡੀ ਗਿਣਤੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ।