ਚੰਡੀਗੜ੍ਹ, 20 ਮਾਰਚ 2024: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਖੁਸ਼ੀ ਨੇ ਦਸਤਕ ਦਿੱਤੀ ਹੈ। ਐਤਵਾਰ ਸਵੇਰੇ ਉਸ ਦੀ ਮਾਤਾ ਚਰਨ ਕੌਰ ਨੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ, ਜੋ ਆਈਵੀਐਫ ਟ੍ਰੀਟਮੈਂਟ (IVF treatment) ਰਾਹੀਂ ਕੀਤਾ ਗਿਆ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਆਈਵੀਐਫ ਤਕਨੀਕ ਰਾਹੀਂ ਬੱਚੇ ਦੇ ਜਨਮ ਸਬੰਧੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ।
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਆਈਵੀਐਫ ਲਈ ਚਰਨ ਕੌਰ ਦੀ ਉਮਰ ਬਾਰੇ ਸਵਾਲ ਉਠਾਏ ਹਨ। ਕਾਨੂੰਨ ਦੇ ਅਨੁਸਾਰ IVF ਟ੍ਰੀਟਮੈਂਟ (IVF treatment) ਦੀ ਵਰਤੋਂ 21 ਤੋਂ 50 ਸਾਲ ਦੀ ਉਮਰ ਤੱਕ ਕੀਤੀ ਜਾ ਸਕਦੀ ਹੈ ਪਰ ਚਰਨ ਕੌਰ ਦੀ ਉਮਰ 58 ਸਾਲ ਹੈ। ਕੇਂਦਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਏ.ਆਰ.ਟੀ. (ਰੈਗੂਲੇਸ਼ਨ) ਐਕਟ, 2021 ਦੇ ਅਨੁਸਾਰ, ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਭੇਜੀ ਜਾਵੇ |
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਜੇਕਰ ਸਰਕਾਰ ਨੂੰ ਫਿਰ ਵੀ ਉਸ ‘ਤੇ ਭਰੋਸਾ ਨਹੀਂ ਹੈ ਤਾਂ ਸਰਕਾਰ ਨੂੰ ਪਹਿਲਾਂ ਉਸ ‘ਤੇ ਕੇਸ ਦਰਜ ਕਰ ਲਵੇ। ਉਨ੍ਹਾਂ ਕਿਹਾ ਕਿ ਇਲਾਜ ਮੁਕੰਮਲ ਹੋਣ ਤੋਂ ਬਾਅਦ ਉਹ ਸਾਰੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨਗੇ।