ਇੰਡੀਗੋ ਉਡਾਣਾਂ

ਕੇਂਦਰ ਸਰਕਾਰ ਵੱਲੋਂ ਇੰਡੀਗੋ ਉਡਾਣਾਂ ‘ਚ 5% ਕਟੌਤੀ, ਹਵਾਈ ਅੱਡਿਆਂ ‘ਤੇ IAS ਅਧਿਕਾਰੀ ਤਾਇਨਾਤ

ਦੇਸ਼ , 09 ਦਸੰਬਰ 2025: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ‘ਤੇ ਅੱਠ ਦਿਨਾਂ ਦੇ ਸੰਕਟ ਦੇ ਵਿਚਾਲੇ ਕੇਂਦਰ ਸਰਕਾਰ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਇੱਕ ਉੱਚ-ਪੱਧਰੀ ਬੈਠਕ ਦੌਰਾਨ, ਏਅਰਲਾਈਨ ਦੀਆਂ 5% ਉਡਾਣਾਂ ਘਟਾਉਣ ਦਾ ਨਿਰਦੇਸ਼ ਜਾਰੀ ਕੀਤਾ ਸੀ। ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਿਯਮ ਅਜਿਹਾ ਹੋਣ ਕਿ ਸਿਸਟਮ ‘ਚ ਸੁਧਾਰ ਆਵੇ, ਜਨਤਾ ਨੂੰ ਅਸੁਵਿਧਾ ਨਾ ਹੋਵੇ |

10 ਹਵਾਈ ਅੱਡਿਆਂ ‘ਤੇ IAS ਅਧਿਕਾਰੀ ਤਾਇਨਾਤ

ਇਹ ਨਿਰਦੇਸ਼ ਇੰਡੀਗੋ ਦੀਆਂ 2,300 ਰੋਜ਼ਾਨਾ ਉਡਾਣਾਂ ਨੂੰ ਪ੍ਰਭਾਵਤ ਕਰੇਗਾ, ਜਿਸਦੇ ਨਤੀਜੇ ਵਜੋਂ ਲਗਭੱਗ 115 ਉਡਾਣਾਂ ਘਟ ਜਾਣਗੀਆਂ। ਕੇਂਦਰ ਸਰਕਾਰ ਨੇ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ 10 ਪ੍ਰਮੁੱਖ ਹਵਾਈ ਅੱਡਿਆਂ ‘ਤੇ IAS ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਹਨ। ਉਹ ਯਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੁਲਾਂਕਣ ਕਰਨਗੇ।

ਇਹ ਅਧਿਕਾਰੀ ਡਿਪਟੀ ਸੈਕਟਰੀ, ਡਾਇਰੈਕਟਰ ਅਤੇ ਸੰਯੁਕਤ ਸੈਕਟਰੀ ਪੱਧਰ ‘ਤੇ ਹਨ। 10 ਪ੍ਰਮੁੱਖ ਹਵਾਈ ਅੱਡਿਆਂ ‘ਚ ਮੁੰਬਈ, ਬੰਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨਈ, ਅਹਿਮਦਾਬਾਦ, ਪੁਣੇ, ਗੁਹਾਟੀ, ਗੋਆ ਅਤੇ ਤਿਰੂਵਨੰਤਪੁਰਮ ਸ਼ਾਮਲ ਹਨ। ਇਸ ਦੌਰਾਨ, ਮੰਗਲਵਾਰ ਨੂੰ ਇੰਡੀਗੋ ਦੀਆਂ ਉਡਾਣਾਂ ਰੱਦ ਕਰਨ ਦਾ ਸਿਲਸਿਲਾ ਜਾਰੀ ਰਿਹਾ। ਸਵੇਰੇ 10:30 ਵਜੇ ਤੱਕ, ਬੰਗਲੁਰੂ ਅਤੇ ਹੈਦਰਾਬਾਦ ਤੋਂ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਮੰਗਲਵਾਰ ਸਵੇਰੇ ਚੰਡੀਗੜ੍ਹ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਮੁੰਬਈ ਲਈ ਸਵੇਰੇ 5:00 ਵਜੇ ਅਤੇ ਦਿੱਲੀ ਲਈ ਸਵੇਰੇ 5:45 ਵਜੇ ਨਿਰਧਾਰਤ ਉਡਾਣਾਂ ਅਚਾਨਕ ਰੱਦ ਕਰ ਦਿੱਤੀਆਂ। ਏਅਰਲਾਈਨ ਨੇ ਕੁਝ ਯਾਤਰੀਆਂ ਨੂੰ ਦੇਰ ਰਾਤ ਨੂੰ ਰੱਦ ਹੋਣ ਦੀ ਜਾਣਕਾਰੀ ਦਿੱਤੀ ਅਤੇ ਕੁਝ ਯਾਤਰੀ ਸਵੇਰੇ ਹੀ ਹਵਾਈ ਅੱਡੇ ‘ਤੇ ਪਹੁੰਚੇ, ਜਿਸ ਕਾਰਨ ਕਾਫ਼ੀ ਪਰੇਸ਼ਾਨੀ ਹੋਈ।

ਇੰਡੀਗੋ ਦਾ ਦਾਅਵਾ ਰੋਜ਼ਾਨਾ 2 ਲੱਖ ਗਾਹਕਾਂ ਨੂੰ ਦਿੱਤੀ ਸਹਾਇਤਾ

ਇੰਡੀਗੋ ਦੇ ਮੁਤਾਬਕ ਲਗਭੱਗ 200,000 ਗਾਹਕਾਂ ਨੂੰ ਰੋਜ਼ਾਨਾ ਵੱਖ-ਵੱਖ ਸੰਚਾਰ ਚੈਨਲਾਂ ਰਾਹੀਂ ਸਹਾਇਤਾ ਦਿੱਤੀ ਜਾ ਰਹੀ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਨਵੀਨਤਮ ਉਡਾਣ ਸਥਿਤੀ ਦੀ ਜਾਂਚ ਕਰਨ ਅਤੇ ਰਿਫੰਡ ਸਹਾਇਤਾ ਲਈ ਆਪਣੀ ਵੈੱਬਸਾਈਟ ਜਾਂ ਗਾਹਕ ਦੇਖਭਾਲ ਚੈਨਲਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਦੇਸ਼ ਦੇ ਹਵਾਬਾਜ਼ੀ ਖੇਤਰ ‘ਚ ਵਧਦੀ ਸਮਰੱਥਾ ਅਤੇ ਮੰਗ ਨੂੰ ਦੇਖਦੇ ਹੋਏ, ਘੱਟੋ-ਘੱਟ ਪੰਜ ਪ੍ਰਮੁੱਖ ਏਅਰਲਾਈਨਾਂ ਦੀ ਲੋੜ ਹੈ। ਇਹ ਇੱਕ ਨਵੀਂ ਏਅਰਲਾਈਨ ਸ਼ੁਰੂ ਕਰਨ ਦਾ ਸਹੀ ਸਮਾਂ ਹੈ।

Read More: ਸੁਪਰੀਮ ਕੋਰਟ ਵੱਲੋਂ ਇੰਡੀਗੋ ਸੰਕਟ ਮਾਮਲੇ ‘ਚ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ

Scroll to Top