ਅੰਮ੍ਰਿਤਸਰ, 30 ਅਗਸਤ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ‘ਯਾਰੀਆਂ-2’ ਫ਼ਿਲਮ ਦੇ ਜਾਰੀ ਹੋਏ ਇਕ ਗੀਤ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅਕਸਰ ਫ਼ਿਲਮਾਂ ਅੰਦਰ ਸਿੱਖ ਮਰਯਾਦਾ, ਸਿਧਾਂਤਾਂ ਅਤੇ ਰਹਿਣੀ ਨੂੰ ਸੱਟ ਮਾਰਨ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਪਰੰਤੂ ਕੇਂਦਰ ਸਰਕਾਰ ਅਜਿਹੇ ਸੰਜੀਦਾ ਮਾਮਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ।
ਆਏ ਦਿਨ ਫ਼ਿਲਮਾਂ ਵਿਚ ਹੋ ਰਹੀ ਕਕਾਰਾਂ ਦੀ ਬੇਕਦਰੀ ਸੰਬੰਧੀ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਈ ਫਿਲਮ ਦਾ ਪ੍ਰਮੋਸ਼ਨ ਨੂੰ ਮੁੱਖ ਰੱਖਦਿਆਂ ਕੋਂਟਰਵਰਸੀ ਕਰਦਿਆ ਕਕਾਰਾਂ ਅਤੇ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਤੋਂ ਗੁਰੇਜ ਨਹੀ ਕਰਦੇ | ਜਿਸ ਸੰਬਧੀ ਸ਼ੈਸਰ ਬੋਰਡ (Censor board) ਨੂੰ ਚਾਹੀਦਾ ਹੈ ਕਿ ਉਹ ਇਸ ਵਿਚ ਹਰ ਧਰਮ ਦੇ ਨੁਮਾਇੰਦੇ ਨੂੰ ਸ਼ਾਮਲ ਕਰੇ, ਤਾਂ ਜੋ ਕਿਸੇ ਵੀ ਧਰਮ ਦੀ ਬੇਕਦਰੀ ਨਾ ਹੋਵੇ |
ਉਨ੍ਹਾਂ ਕਿਹਾ ਜੇਕਰ ਕੋਈ ਅਜਿਹੀ ਸਮੱਗਰੀ ਫ਼ਿਲਮਾਂ ਵਿਚ ਹੋਵੇ ਤਾਂ ਉਸਨੂੰ ਪਹਿਲਾਂ ਹੀ ਕੱਟਿਆ ਜਾਵੇ। ਉਹਨਾ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਅਸੀ ਪਹਿਲ ਦੇ ਅਧਾਰ ‘ਤੇ ਉਸ ‘ਤੇ ਸਖ਼ਤ ਨੋਟਿਸ ਲੈਂਦਿਆਂ ਪੁਲਿਸ ਕੋਲ ਸ਼ਿਕਾਇਤ ਕਰਕੇ ਪਰਚਾ ਦਰਜ ਕਰਵਾਵਾਂਗੇ।