ਦਿੱਲੀ, 25 ਜੂਨ 2025: CBSE Board Exams 2026: CBSE ਨੇ 2026 ਤੋਂ ਸਾਲ ‘ਚ ਦੋ ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਦੇ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦਿੱਤੀ ਹੈ। CBSE ਸਾਲ ‘ਚ ਦੋ ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਏਗਾ। ਪਹਿਲਾ ਪੜਾਅ ਫਰਵਰੀ ‘ਚ ਹੋਵੇਗਾ ਅਤੇ ਦੂਜਾ ਪੜਾਅ ਮਈ ‘ਚ ਹੋਵੇਗਾ।
ਬੋਰਡ ਪ੍ਰੀਖਿਆ ਦੇ ਪਹਿਲੇ ਪੜਾਅ ‘ਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੈਠਣਾ ਲਾਜ਼ਮੀ ਹੈ, ਦੂਜਾ ਪੜਾਅ ਵਿਕਲਪਿਕ ਹੋਵੇਗਾ। ਅੰਦਰੂਨੀ ਮੁਲਾਂਕਣ ਸਿਰਫ਼ ਇੱਕ ਵਾਰ ਹੀ ਕੀਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ, ਵਿਦਿਆਰਥੀਆਂ ਨੂੰ ਆਪਣੇ ਅੰਕ ਸੁਧਾਰਨ ਦਾ ਮੌਕਾ ਮਿਲੇਗਾ। ਜੇਕਰ ਕਿਸੇ ਵਿਦਿਆਰਥੀ ਦੇ ਪਹਿਲੇ ਪੜਾਅ ‘ਚ ਅੰਕ ਘੱਟ ਹਨ, ਤਾਂ ਉਹ ਦੂਜੇ ਪੜਾਅ ‘ਚ ਵਧੀਆ ਪ੍ਰਦਰਸ਼ਨ ਕਰਕੇ ਸੁਧਾਰ ਕਰ ਸਕੇਗਾ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਜਮਾਤ ਲਈ ਸਾਲ ‘ਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਦੇ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਇਹ ਕਦਮ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ‘ਚ ਸਿਫ਼ਾਰਸ਼ ਕੀਤਾ ਗਿਆ ਹੈ।
ਸੀਬੀਐਸਈ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ, “ਪਹਿਲਾ ਪੜਾਅ ਫਰਵਰੀ ‘ਚ ਅਤੇ ਦੂਜਾ ਮਈ ‘ਚ ਹੋਵੇਗਾ। ਦੋਵਾਂ ਪੜਾਵਾਂ ਦੇ ਨਤੀਜੇ ਕ੍ਰਮਵਾਰ ਅਪ੍ਰੈਲ ਅਤੇ ਜੂਨ ‘ਚ ਐਲਾਨੇ ਜਾਣਗੇ। ਵਿਦਿਆਰਥੀਆਂ ਲਈ ਪਹਿਲੇ ਪੜਾਅ ‘ਚ ਬੈਠਣਾ ਲਾਜ਼ਮੀ ਹੋਵੇਗਾ ਜਦੋਂ ਕਿ ਦੂਜਾ ਪੜਾਅ ਵਿਕਲਪਿਕ ਹੋਵੇਗਾ। ਵਿਦਿਆਰਥੀਆਂ ਨੂੰ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ‘ਚੋਂ ਕਿਸੇ ਵੀ ਤਿੰਨ ਵਿਸ਼ਿਆਂ ‘ਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਇਜਾਜ਼ਤ ਹੋਵੇਗੀ।”
ਪ੍ਰਵਾਨਿਤ ਨਿਯਮਾਂ ਦੇ ਮੁਤਾਬਕ ਸਰਦੀਆਂ ਦੇ ਸੈਸ਼ਨ ‘ਚ ਹਿੱਸਾ ਲੈਣ ਵਾਲੇ ਸਕੂਲਾਂ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਪੜਾਅ ‘ਚ ਬੋਰਡ ਪ੍ਰੀਖਿਆਵਾਂ ‘ਚ ਬੈਠਣ ਦਾ ਵਿਕਲਪ ਮਿਲੇਗਾ। ਅੰਦਰੂਨੀ ਮੁਲਾਂਕਣ ਅਕਾਦਮਿਕ ਸੈਸ਼ਨ ਦੌਰਾਨ ਸਿਰਫ ਇੱਕ ਵਾਰ ਕੀਤਾ ਜਾਵੇਗਾ।