ਚੰਡੀਗੜ੍ਹ 06, ਮਾਰਚ 2023: ਸੀਬੀਆਈ ਦੀ ਟੀਮ ਸੋਮਵਾਰ ਸਵੇਰੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਾਸ਼ਟਰੀ ਪ੍ਰਧਾਨ ਰਾਬੜੀ ਦੇਵੀ (Rabri Devi) ਦੇ ਘਰ ਪਹੁੰਚੀ। ਸੀਬੀਆਈ ਜ਼ਮੀਨ ਦੇ ਬਦਲੇ ਨੌਕਰੀ ਦੇ ਮਾਮਲੇ ਵਿੱਚ ਪੁੱਛਗਿੱਛ ਕਰ ਰਹੀ ਹੈ।
ਇਸ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ ਅਤੇ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਸਮੇਤ 14 ਲੋਕ ਮੁਲਜ਼ਮ ਬਣਾਇਆ ਗਿਆ ਹੈ । 15 ਮਾਰਚ ਨੂੰ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਦੋਂ ਟੀਮ ਪਹੁੰਚੀ ਤਾਂ ਰਾਬੜੀ ਦੇਵੀ ਵਿਧਾਨ ਪ੍ਰੀਸ਼ਦ ਜਾਣ ਦੀ ਤਿਆਰੀ ਕਰ ਰਹੀ ਸੀ।
ਦੂਜੇ ਪਾਸੇ ਆਰਜੇਡੀ ਸਮਰਥਕਾਂ ਦਾ ਕਹਿਣਾ ਹੈ ਕਿ ਲਾਲੂ ਪ੍ਰਸਾਦ ਸਿੰਘ ਸਿੰਗਾਪੁਰ ਤੋਂ ਪਰਤ ਆਏ ਹਨ। ਉਨ੍ਹਾਂ ਦੀ ਸਰਗਰਮੀ ਥੋੜ੍ਹੀ ਵਧ ਗਈ ਅਤੇ ਉਨ੍ਹਾਂ ਨੇ ਇਕ ਪ੍ਰੋਗਰਾਮ ਵਿਚ ਜਨਤਾ ਨੂੰ ਸੰਬੋਧਨ ਕੀਤਾ, ਜਿਸਤੋਂ ਬਾਅਦ ਸਮਰਥਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਡਰ ਗਈ। ਬਿਹਾਰ ਵਿੱਚ ਹਰ ਕੋਈ ਹੋਲੀ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਅਤੇ ਭਾਜਪਾ ਨੇ ਸੀਬੀਆਈ ਟੀਮ ਭੇਜ ਦਿੱਤੀ ਹੈ। ਸੰਸਥਾਵਾਂ ਦੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਆਕੀ ਜਨਤਾ 2024 ਦੀਆਂ ਚੋਣਾਂ ਵਿੱਚ ਇਸਦਾ ਢੁੱਕਵਾਂ ਜਵਾਬ ਦੇਵੇਗੀ।
ਦਰਅਸਲ, 2004 ਤੋਂ 2009 ਦਰਮਿਆਨ ਲਾਲੂ ਪ੍ਰਸਾਦ ਯਾਦਵ ਯੂਪੀਏ ਸਰਕਾਰ ਵਿੱਚ ਰੇਲ ਮੰਤਰੀ ਸਨ। ਲਾਲੂ ਦੇ ਰੇਲ ਮੰਤਰੀ ਹੋਣ ‘ਤੇ ਰੇਲਵੇ ਭਰਤੀ ‘ਚ ਘਪਲੇ ਦੇ ਦੋਸ਼ ਲੱਗੇ ਸਨ। ਨੌਕਰੀਆਂ ਦੇਣ ਦੀ ਬਜਾਏ ਬਿਨੈਕਾਰਾਂ ਤੋਂ ਜ਼ਮੀਨ ਅਤੇ ਪਲਾਟ ਲਏ ਗਏ। ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਹੈ ਕਿ ਜਿਹੜੀਆਂ ਜ਼ਮੀਨਾਂ ਲਈਆਂ ਗਈਆਂ ਉਹ ਵੀ ਰਾਬੜੀ ਦੇਵੀ ਅਤੇ ਮੀਸਾ ਭਾਰਤੀ ਦੇ ਨਾਂ ‘ਤੇ ਲਈਆਂ ਗਈਆਂ ਸਨ।
ਇੱਥੇ ਸੀਬੀਆਈ ਦੀ ਟੀਮ ਦੇ ਪਹੁੰਚਣ ਦੀ ਸੂਚਨਾ ‘ਤੇ ਰਾਬੜੀ ਦੇਵੀ (Rabri Devi) ਦੇ ਘਰ ਦੇ ਬਾਹਰ ਰਾਸ਼ਟਰੀ ਜਨਤਾ ਦਲ ਦੇ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸਮਰਥਕ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲਾਲੂ-ਤੇਜਸਵੀ ਤੋਂ ਡਰੀ ਹੋਈ ਹੈ, ਇਸ ਲਈ ਸੀਬੀਆਈ ਟੀਮ ਨੂੰ ਇੱਥੇ ਭੇਜਿਆ ਗਿਆ ਹੈ।