ਚੰਡੀਗੜ੍ਹ, 22 ਫਰਵਰੀ 2024: ਸੀਬੀਆਈ ਨੇ ਅੱਜ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ (Satyapal Malik) ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਦਿੱਲੀ ਦੇ 29 ਹੋਰ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਵਿੱਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਕੀਤੀ ਗਈ ਹੈ। ਸੱਤਿਆਪਾਲ ਮਲਿਕ ਨੇ ਰਾਜਪਾਲ ਦੇ ਤੌਰ ‘ਤੇ ਆਪਣੇ ਕਾਰਜਕਾਲ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇਕ ਪਣਬਿਜਲੀ ਪ੍ਰਾਜੈਕਟ ਦੀਆਂ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।
ਇਹ ਛਾਪੇ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੁੰਬਈ ਸਮੇਤ ਕਈ ਥਾਵਾਂ ‘ਤੇ ਮਾਰੇ ਗਏ ਹਨ। ਸਤਿਆਪਾਲ ਮਲਿਕ (Satyapal Malik) ਫਿਲਹਾਲ ਹਸਪਤਾਲ ‘ਚ ਭਰਤੀ ਹਨ। ਮਲਿਕ ਨੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ, ”ਭ੍ਰਿਸ਼ਟਾਚਾਰ ‘ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਜਾਂਚ ਨਾ ਕਰਕੇ, ਮੇਰੇ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ ਹੈ”। ਮੇਰੇ 4-5 ਕੁੜਤੇ ਅਤੇ ਪਜਾਮੇ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ |
ਜਿਕਰਯੋਗ ਹੈ ਕਿ ਸੱਤਿਆਪਾਲ ਮਲਿਕ ਨੇ 17 ਅਕਤੂਬਰ, 2021 ਨੂੰ ਰਾਜਸਥਾਨ ਦੇ ਝੁੰਝਨੂ ਵਿੱਚ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਦੌਰਾਨ ਉਸ ਕੋਲ ਦੋ ਫਾਈਲਾਂ ਆਈਆਂ ਸਨ। ਮਲਿਕ ਨੇ ਉਨ੍ਹਾਂ ਦੇ ਸਕੱਤਰਾਂ ਨੇ ਉਨ੍ਹਾਂ ਨੂੰ ਇਹ ਦੱਸਣ ਤੋਂ ਬਾਅਦ ਦੋਵੇਂ ਸੌਦੇ ਰੱਦ ਕਰ ਦਿੱਤੇ ਸਨ ਕਿ ਇਸ ਵਿੱਚ ਕਥਿਤ ਘਪਲਾ ਹੋਇਆ ਹੈ।