ਚੰਡੀਗੜ੍ਹ, 02 ਸਤੰਬਰ 2023: ਸੀਬੀਆਈ ਨੇ ਸ਼ਨੀਵਾਰ ਨੂੰ ਇਸ ਸਾਲ 2 ਜੂਨ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ (Balasore train accident) ਦੇ ਸਬੰਧ ਵਿੱਚ ਕਥਿਤ ਗੈਰ-ਇਰਾਦਾਤਨ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਤਿੰਨ ਰੇਲਵੇ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ।ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 304, 201 ਅਤੇ ਰੇਲਵੇ ਐਕਟ 1989 ਦੀ ਧਾਰਾ 153 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਤਿੰਨ ਰੇਲ ਹਾਦਸਿਆਂ (Balasore train accident) ਦੀ ਜਾਂਚ ਦੇ ਸਬੰਧ ਵਿੱਚ 7 ਜੁਲਾਈ ਨੂੰ ਬਾਲਾਸੌਰ ਜ਼ਿਲ੍ਹੇ ਵਿੱਚ ਤਾਇਨਾਤ ਤਿੰਨ ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਆਮਿਰ ਅਤੇ ਇੱਕ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਹਾਦਸੇ ‘ਚ 296 ਜਣੇ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ।