ਚੰਡੀਗੜ੍ਹ, 28 ਅਪ੍ਰੈਲ 2023: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮਰਹੂਮ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਜੀਆ ਖ਼ਾਨ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ। ਅਭਿਨੇਤਾ ਸੂਰਜ ਪੰਚੋਲੀ (Sooraj Pancholi) ਨੂੰ ਜੀਆ ਖ਼ਾਨ ਖੁਦਕੁਸ਼ੀ ਮਾਮਲੇ ‘ਚ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਜੀਆ ਖ਼ਾਨ ਨੇ 3 ਜੂਨ 2013 ਦੀ ਅੱਧੀ ਰਾਤ ਨੂੰ ਸਿਰਫ 25 ਸਾਲ ਦੀ ਉਮਰ ਵਿੱਚ ਜੁਹੂ ਸਥਿਤ ਆਪਣੇ ਫਲੈਟ ਵਿੱਚ ਖੁਦਕੁਸ਼ੀ ਕਰ ਲਈ ਸੀ। ਜੀਆ ਖਾਨ ਦੀ ਮੌਤ ਤੋਂ ਬਾਅਦ ਫਿਲਮ ਇੰਡਸਟਰੀ ‘ਚ ਹੜਕੰਪ ਮਚ ਗਿਆ ਸੀ, ਉਸ ਦੀ ਮੌਤ ਤੋਂ ਬਾਅਦ ਕਥਿਤ ਬੁਆਏਫ੍ਰੈਂਡ ਅਤੇ ਅਦਾਕਾਰ ਸੂਰਤ ਪੰਚੋਲੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕੋਰਟ ਦੇ ਫੈਸਲੇ ਤੋਂ ਪਹਿਲਾਂ ‘ਜਸਟਿਸ ਫਾਰ ਜੀਆ ਖਾਨ’ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਸੀ। ਜੀਆ ਖ਼ਾਨ ਦੀ ਮੌਤ ਦੇ 10 ਸਾਲ ਬਾਅਦ ਸੀਬੀਆਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੀਆ ਖਾਨ ਦੀ ਲਾਸ਼ ਸਾਗਰ ਸੰਗੀਤ ਬਿਲਡਿੰਗ ਸਥਿਤ ਉਨ੍ਹਾਂ ਦੇ ਫਲੈਟ ਤੋਂ ਮਿਲੀ ਹੈ। ਜੀਆ ਨੇ ਇੱਕ ਸੁਸਾਈਡ ਨੋਟ ਛੱਡਿਆ, ਜਿਸ ਵਿੱਚ ਸੂਰਜ ਪੰਚੋਲੀ ਦਾ ਨਾਮ ਵੀ ਸ਼ਾਮਲ ਸੀ। ਉਸ ਸਮੇਂ ਅਭਿਨੇਤਾ ਸੂਰਜ ਪੰਚੋਲੀ ( Sooraj Pancholi) ਬਾਲੀਵੁੱਡ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਘਟਨਾ ਦੇ ਇੱਕ ਹਫ਼ਤੇ ਬਾਅਦ ਸੂਰਜ ਨੂੰ ਕਥਿਤ ਤੌਰ ‘ਤੇ ਜੀਆ ਦੀ ਖੁਦਕੁਸ਼ੀ ਲਈ ਉਕਸਾਉਣ ਲਈ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ, ਜੀਆ ਦੀ ਮਾਂ ਰਾਬੀਆ ਖਾਨ ਦੀਆਂ ਵਾਰ-ਵਾਰ ਬੇਨਤੀਆਂ ਅਤੇ 3 ਜੁਲਾਈ, 2014 ਨੂੰ ਬੰਬੇ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ, ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ।